ਦੇਵਿੰਦਰ ਸਿੰਘ ਜੱਗੀ
ਪਾਇਲ, 9 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਪਿੰਡ ਘੁਡਾਣੀ ਖੁਰਦ ਵਿੱਚ ਮੀਟਿੰਗ ਕੀਤੀ ਗਈ। ਬਲਾਕ ਦੋਰਾਹਾ ਦੇ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਰੇ ਪਿੰਡਾਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਬੀਤੇ ਸਾਲ ਦੌਰਾਨ ਪਿੰਡ ਗਿੱਦੜੀ ਅਤੇ ਬਿਲਾਸਪੁਰ ਵਿੱਚ ਅੱਗ ਲੱਗਣ ਕਾਰਨ ਸੜੀ ਕਣਕ ਦੀ ਫ਼ਸਲ ਦੇ ਮੁਆਵਜ਼ੇ ਲਈ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਐੱਸਡੀਐੱਮ ਦਫ਼ਤਰ ਪਾਇਲ ਅੱਗੇ 11 ਅਪਰੈਲ ਨੂੰ ਸੜੀ ਕਣਕ ਦੀ ਫ਼ਸਲ ਦੇ ਮੁਆਵਜ਼ੇ ਲਈ ਧਰਨਾ ਦਿੱਤਾ ਜਾਵੇਗਾ ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਮਸਲੇ ਸਬੰਧੀ 1 ਸਾਲ ਤੋਂ ਲਗਾਤਾਰ ਟਾਲ-ਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ। ਆਗੂਆਂ ਨੇ ਅੱਗੇ ਕਿਹਾ ਕਿ ਆਈਸੀਆਈਸੀਆਈ ਬੈਂਕ ਨੇ ਪਿੰਡ ਜਰਗੜੀ ਦੇ ਕਿਸਾਨਾਂ ਨੂੰ ਸਬਸਿਡੀ ਦੇਣ ’ਤੇ ਧੋਖਾ ਕੀਤਾ ਹੈ, ਜਿਸ ਖ਼ਿਲਾਫ਼ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਬਲਾਕ ਦੋਰਾਹਾ ਅਧੀਨ ਆਉਂਦੀਆਂ ਸਾਰੀਆਂ ਆਈਸੀਆਈਸੀਆਈ ਬੈਂਕ ਦੀਆਂ ਬਰਾਂਚਾਂ ਅੱਗੇ ਧਰਨੇ ਦਿੱਤੇ ਜਾਣਗੇ।