ਰਾਏਕੋਟ: ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਦੀ ਅਗਵਾਈ ਵਿੱਚ ਵਫ਼ਦ ਨੇ ਪਾਵਰਕੌਮ ਦੇ ਐਕਸੀਅਨ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਨੇ ਗ਼ਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਿਛਲੇ ਬਕਾਇਆਂ ਦੀ ਅਦਾਇਗੀ ਨਾ ਕਰਨ ਬਦਲੇ ਕੁਨੈਕਸ਼ਨ ਕੱਟਣ ਦੀ ਨਿੰਦਾ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੇ ਬਕਾਏ ਮੁਆਫ਼ ਕਰਨ ਅਤੇ ਕੁਨੈਕਸ਼ਨ ਨਾ ਕੱਟਣ ਦਾ ਐਲਾਨ ਕੀਤਾ ਹੈ ਪਰ ਕਿਸਾਨ ਗੁਰਦੀਪ ਸਿੰਘ ਨੂੰ ਇਕਵੰਜਾ ਹਜ਼ਾਰ ਰੁਪਏ ਨੂੰ ਬਿੱਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਇਸ ਵਾਧੂ ਬਿੱਲ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਰਾਣੇ ਬਕਾਇਆਂ ਦੇ ਆਧਾਰ ’ਤੇ ਕੁਨੈਕਸ਼ਨ ਨਾ ਕੱਟਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਪਾਵਰਕੌਮ ਅਧਿਕਾਰੀ ਲੋਕਾਂ ਨੂੰ ਬਕਾਏ ਅਦਾ ਕਰਨ ਲਈ ਤੰਗ ਕਰ ਰਹੇ ਹਨ। ਵਫ਼ਦ ਵਿੱਚ ਇਕਾਈ ਪ੍ਰਧਾਨ ਚਮਕੌਰ ਸਿੰਘ, ਮਨਜੀਤ ਸਿੰਘ ਫ਼ੌਜੀ ਤੋਂ ਇਲਾਵਾ ਹਰਬੰਸ ਸਿੰਘ ਅੱਚਰਵਾਲ ਸ਼ਾਮਲ ਸਨ। -ਨਿੱਜੀ ਪੱਤਰ ਪ੍ਰੇਰਕ