ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜਨਵਰੀ
ਲੋਹੜੀ ਦੇ ਦਿਨ ਬੁੱਧਵਾਰ ਨੂੰ ਲੁਧਿਆਣਾ ਵਾਸੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤੰਗ ਉਡਾਏ। ਸਵੇਰੇ ਹੀ ਘਰਾਂ ਦੀਆਂ ਛੱਤਾਂ ’ਤੇ ਸੰਗੀਤ ਚਲਾ ਕੇ ਨੌਜਵਾਨ ਨੱਚਦੇ ਰਹੇ। ਇਸ ਵਾਰ ਪਤੰਗਬਾਜ਼ੀ ਦਾ ਮਜ਼ਾ ਕੁਝ ਵੱਖਰਾ ਸੀ, ਕਿਉਂਕਿ ਪਿਛਲੇ ਸਾਲ ਮੌਸਮ ਖ਼ਰਾਬ ਹੋਣ ਕਰ ਕੇ ਦਿਨ ਭਰ ਪਤੰਗਬਾਜ਼ੀ ਦਾ ਮੌਕਾ ਨਹੀਂ ਸੀ ਮਿਲਿਆ। ਇਸ ਵਾਰ ਪੂਰਾ ਦਿਨ ਧੁੱਪ ਨਿੱਕਲੀ ਰਹੀ। ਇਸ ਵਾਰ ਲੋਕਾਂ ਨੇ ਦਿਨ ਭਰ ਪਤੰਗਬਾਜ਼ੀ ਦਾ ਆਨੰਦ ਮਾਣਿਆ। ਖ਼ਾਸ ਗੱਲ ਇਹ ਰਹੀ ਕਿ ਜ਼ਿਆਦਾਤਰ ਲੋਕਾਂ ਨੇ ਪਾਬੰਦੀਸ਼ੁਦਾ ਪਲਾਸਟਿਕ ਦੀ ਡੋਰ ਨਾਲ ਹੀ ਪਤੰਗ ਉਡਾਏ। ਦੇਰ ਸ਼ਾਮ ਨੂੰ ਘਰਾਂ ’ਚ ਲੋਹੜੀ ਬਾਲ ਕੇ ਇੱਕ ਦੂਜੇ ਨੂੰ ਲੋਕਾਂ ਨੇ ਵਧਾਈ ਵੀ ਦਿੱਤੀ।
ਲੁਧਿਆਣਾ ’ਚ ਲੋਹੜੀ ਵਾਲੇ ਦਿਨ ਪਤੰਗ ਉਡਾਏ ਜਾਂਦੇ ਹਨ। ਇਸ ਵਾਰ ਵੀ ਲੋਕਾਂ ਨੇ ਪਹਿਲਾਂ ਹੀ ਤਿਆਰੀਆਂ ਕਰ ਰੱਖੀਆਂ ਸਨ। ਬੁੱਧਵਾਰ ਸਵੇਰ ਹੁੰਦੇ ਹੀ ਛੱਤਾਂ ’ਤੇ ਮਿਊਜ਼ਿਕ ਸਿਸਟਮ ਵੱਜਣ ਲੱਗੇ। ਕੁਝ ਦੇਰ ਬਾਅਦ ਪਤੰਗ ਉਡਾਉਣ ਤੋਂ ਸਿਲਸਿਲਾ ਸ਼ੁਰੂ ਹੋ ਗਿਆ। ਇਸ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਪਤੰਗਬਾਜ਼ੀ ਕੀਤੀ। ਪਤੰਗ ਉਡਾਉਣ ’ਚ ਕੁੜੀਆਂ ਵੀ ਮੁੰਡਿਆਂ ਤੋਂ ਇੱਕ ਕਦਮ ਅੱਗੇ ਦਿਖਾਈ ਦਿੱਤੀਆਂ, ਉਨ੍ਹਾਂ ਨੇ ਵੀ ਦਿਨ ਪਤੰਗ ਉਡਾਏ। ਹਾਲਾਂਕਿ ਪੁਲੀਸ ਨੇ ਪਲਾਸਟਿਕ ਦੀ ਡੋਰ ’ਤੇ ਪਾਬੰਦੀ ਲਗਾਈ ਹੋਈ ਸੀ, ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਜ਼ਿਆਦਾਤਰ ਲੋਕ ਪਲਾਸਟਿਕ ਦੀ ਡੋਰ ਦੇ ਨਾਲ ਹੀ ਪਤੰਗ ਉਡਾਉਂਦੇ ਦਿਖਾਈ ਦਿੱਤੀ।