ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜਨਵਰੀ
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਉਜਾਗਰ ਸਿੰਘ ਬਦੋਵਾਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿੱਚ ਹੋਈ। ਇਸ ਦੌਰਾਨ 1849 ਤੋਂ ਲੈ ਕੇ 1947 ਤੱਕ ਦੇ ਦੌਰ ਵਿੱਚ ਚੱਲੀਆਂ ਕੌਮੀ ਲਹਿਰਾਂ-ਗਦਰ ਲਹਿਰ, ਕੂਕਾ ਲਹਿਰ, ਕਿਰਤੀ ਪਾਰਟੀ ਦੀ ਲਹਿਰ, ਨੌਜਵਾਨ ਭਾਰਤ ਸਭਾ ਦੀ ਲਹਿਰ, ਬੱਬਰ ਅਕਾਲੀ ਲਹਿਰ, ਆਜ਼ਾਦ ਹਿੰਦ ਫੌਜ ਦੀ ਲਹਿਰ ਦੇ ਮਹਾਨ ਸ਼ਹੀਦਾਂ ਤੇ ਯੋਧਿਆਂ ਦੀਆਂ ਉੱਤਮ ਜੀਵਨੀਆਂ ’ਤੇ ਬੇਮਿਸਾਲ ਕੁਰਬਾਨੀਆਂ ਬਾਰੇ ਬੀਤੇ ਵਰਿਆਂ ’ਚ ਆਰੰਭੇ ਖੋਜ-ਕਾਰਜਾਂ ਦੀ ਗਤੀ ’ਚ ਹੋਰ ਤੇਜ਼ੀ ਲਿਆਉਣ ਲਈ ਫੈਸਲਾ ਕੀਤਾ ਗਿਆ। ਇਨ੍ਹਾਂ ਦੇ ਨਾਲ ਨਾਲ ਇਨ੍ਹਾਂ ਨੂੰ ਪੈਂਫਲਿਟਾਂ ਦੇ ਰੂਪ ਵਿੱਚ ਛਾਪ ਕੇ ਸਬੰਧਤ ਲੋਕਾਂ ਤੱਕ ਪਹੁੰਚਦੇ ਕਰਨ ਦੀ ਵੀ ਵਿਉਂਤਬੰਦੀ ਤਿਆਰ ਕੀਤੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਮਾਸਟਰ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਸੁਖਦੇਵ ਸਿੰਘ, ਹਰਦੇਵ ਸਿੰਘ ਸੁਨੇਤ, ਜੁਗਿੰਦਰ ਸਿੰਘ, ਪ੍ਰੇਮ ਸਿੰਘ, ਗੁਰਦੇਵ ਸਿੰਘ ਨੇ ਕਿਹਾ ਕਿ ਇਸੇ ਲੜੀ ਦੀ ਕੜੀ ਵਜੋਂ ਫਰਵਰੀ ਮਹੀਨੇ ਦੇ ਪਹਿਲੇ ਪੰਦਰਵਾੜੇ ’ਚ ਮਹਾਨ ਇਨਕਲਾਬੀ ਦੇਸ਼ ਭਗਤਾਂ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ 47ਵੀਂ ਬਰਸੀ ਮੌਕੇ ਲਲਤੋਂ ਖੁਰਦ ਵਿਖੇ ਵਿਸਾਲ ਦੇਸ਼ ਭਗਤ ਮੇਲਾ ਲਗਾਇਆ ਜਾਵੇਗਾ। ਮੇਲੇ ਦੀ ਮੁੱਖ ਸਰਪ੍ਰਸਤੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਸਰਪ੍ਰਸਤੀ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਕੀਤੀ ਜਾਵੇਗੀ।