ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਸਤੰਬਰ
ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਭਾਰਤ ਮਾਲਾ ਪ੍ਰਾਜੈਕਟ ਦੇ ਤਹਿਤ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ ਜਬਰੀ ਖੋਹਣ ਵਿਰੁੱਧ ਪੱਖੋਵਾਲ ਬਲਾਕ ਦੇ ਪਿੰਡ ਕੋਟ ਆਗਾ ਵਿਚ ਮੋਰਚੇ 78ਵੇਂ ਦਿਨ ਨਾਟਕਾਂ ਦਾ ਮੰਚਨ ਕੀਤਾ ਗਿਆ।
ਅਮਨਦੀਪ ਰਸੂਲਪੁਰ ਦੇ ਨਿਰਦੇਸ਼ਨ ਹੇਠ ਪਰਵਾਜ਼ ਰੰਗ ਮੰਚ ਦੀ ਟੀਮ ਨੇ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਨਾਟਕ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਸਾਧੂ ਸਿੰਘ ਪੰਜੇਟਾ, ਸੂਬਾ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ, ਜਸਵੰਤ ਸਿੰਘ ਭੱਟੀਆਂ, ਬਲਵੰਤ ਸਿੰਘ ਘੁਡਾਣੀ ਅਤੇ ਸੁਰਿੰਦਰ ਕੌਰ ਕਾਲਖ ਨੇ ਸੰਬੋਧਨ ਕਰਦਿਆਂ ਆਪਣਾ ਏਕਾ ਹੋਰ ਮਜ਼ਬੂਤ ਕਰ ਕੇ ਸੰਘਰਸ਼ ਤਿੱਖਾ ਕਰਨ ਦਾ ਸੱਦਾ ਦਿੱਤਾ। ਇਸੇ ਦੌਰਾਨ ਭਾਕਿਯੂ ਏਕਤਾ (ਉਗਰਾਹਾਂ) ਬਾਲਕ ਪੱਖੋਵਾਲ ਦੇ ਕਿਸਾਨ ਆਗੂਆਂ ਦੀ ਮੋਰਚੇ ਦੇ ਦੌਰਾਨ ਹੀ ਵੱਖਰੀ ਮੀਟਿੰਗ ਕਰ ਕੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਬਰਨਾਲਾ ਵਿਚ ਹੋਣ ਵਾਲੀ ਸਾਮਰਾਜ ਵਿਰੋਧੀ ਚੇਤਨਾ ਰੈਲੀ ਲਈ ਹਜ਼ਾਰਾਂ ਕਿਸਾਨ-ਮਜ਼ਦੂਰ, ਨੌਜਵਾਨ ਅਤੇ ਔਰਤਾਂ ਦੀ ਸ਼ਮੂਲੀਅਤ ਲਈ ਵਿਉਂਤਬੰਦੀ ਕੀਤੀ ਗਈ। ਪਿੰਡ ਕੜਿਆਲ ਕਲਾਂ ਦੀ ਸੰਗਤ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਅਤੇ ਕੁਲਦੀਪ ਸਿੰਘ ਗੁੱਜਰਵਾਲ ਦੇ ਪਰਿਵਾਰ ਵੱਲੋਂ ਵੀ ਲੰਗਰ ਵਿਚ ਯੋਗਦਾਨ ਪਾਇਆ ਗਿਆ।