ਪੱਤਰ ਪੇ੍ਰਕ
ਖੰਨਾ, 2 ਨਵੰਬਰ
ਇਥੋਂ ਦੇ ਇੰਡਸਟਰੀਅਲ ਫੋਕਲ ਪੁਆਇੰਟ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਅਤੇ ਸੜਕ ਦਾ ਉਦਘਾਟਨ ਕਰਨ ਲਈ ਅੱਜ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਪੁੱਜੇੇ। ਉਨ੍ਹਾਂ ਇਸ ਮੌਕੇ ਕਿਹਾ ਕਿ ਹਲਕੇ ਦੀ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਥੇ ਮੌਜੂਦ ਭਾਰਤੀ ਜਨਤਾ ਪਾਰਟੀ ਨੇ ਵਿਅੰਗ ਕੱਸਦਿਆਂ ਕੋਟਲੀ ਤੋਂ ਸਵਾਲ ਕੀਤਾ ਕਿ ਆਖਰ ਉਨ੍ਹਾਂ ਫੋਕਲ ਪੁਆਇੰਟ ਦੇ ਵਿਕਾਸ ਲਈ ਕੀ ਕੀਤਾ।
ਉਨ੍ਹਾਂ ਮੰਤਰੀ ਕੋਟਲੀ ਨੂੰ ਮੁਫ਼ਤ ’ਚ ਸਿਹਰਾ ਲੈਣ ਦੀ ਮੁਹਿੰਮ ਕਰਾਰ ਦਿੱਤਾ। ਦੱਸਣਯੋਗ ਹੈ ਕਿ ਕਈ ਸਾਲਾਂ ਤੋਂ ਫੋਕਲ ਪੁਆਇੰਟ ਦੇ ਲਟਕੇ ਵਿਕਾਸ ਕੰਮਾਂ ਨੂੰ ਲੈ ਕੇ ਸਨਅਤਕਾਰਾਂ ਨੂੰ ਵੱਡੀ ਰਾਹਤ ਉਸ ਸਮੇਂ ਮਿਲੀ ਜਦੋਂ ਕੇਂਦਰ ਸਰਕਾਰ ਨੇ ਇਸ ਨੂੰ ਐਸਪੀਬੀ ਯੋਜਨਾ ਤਹਿਤ ਲੈ ਕੇ 10.66 ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦਿੱਤੀ ਸੀ।
ਉਸ ਉਪਰੰਤ ਫੋਕਲ ਪੁਆਇੰਟ ਦੇ ਕੰਮ ਤੇਜ਼ੀ ਨਾਲ ਚੱਲ ਪਏ ਅਤੇ ਜ਼ਿਆਦਾਤਰ ਸੜਕਾਂ ਦਾ ਨਿਰਮਾਣ ਵੀ ਪੂਰਾ ਹੋ ਚੁੱਕਾ ਹੈ, ਪ੍ਰੰਤੂ ਹੁਣ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਦਾ ਦੌਰਾ ਭਾਜਪਾ ਨੂੰ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਨੂੰ ਸਿਰਫ਼ ਸਿਆਸੀ ਡਰਾਮਾ ਦੱਸਿਆ। ਭਾਜਪਾ ਦੇ ਕਾਰਜਕਾਰਨੀ ਮੈਂਬਰ ਸੂਖਮ ਲਘੂ ਅਤੇ ਰਾਕੇਸ਼ ਗੁਪਤਾ ਨੇ ਕਿਹਾ ਕਿ ਕੋਟਲੀ ਨੂੰ ਉਦਘਾਟਨ ਕਰਨ ਦਾ ਫੋਬੀਆ ਹੋ ਗਿਆ ਹੈ। ਉਹ ਹੋਰਨਾਂ ਕੰਮਾਂ ਦਾ ਸਿਹਰਾ ਵੀ ਅਪਣੇ ਸਿਰ ਲੈਣਾ ਚਾਹੁੰਦੇ ਹਨ ਕਿਉਂਕਿ ਪੰਜ ਸਾਲਾਂ ਤੋਂ ਉਨ੍ਹਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ। ਫੋਕਲ ਪੁਆਇੰਟ ’ਤੇ ਜੋ ਵੀ ਕੰਮ ਚੱਲ ਰਹੇ ਹਨ, ਉਹ ਕੇਂਦਰ ਸਰਕਾਰ ਦੀ ਬਦੋਲਤ ਹੋ ਰਹੇ ਹਨ। ਦੌਰੇ ਦੌਰਾਨ ਮੰਤਰੀ ਕੋਟਲੀ ਨੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਅਮਿਤ ਕੁਮਾਰ, ਸੁਖਦੀਪ ਸਿੰਘ ਢੀਂਡਸਾ, ਵਿਨੋਦ ਵਸ਼ਿਸ਼ਟ, ਤੇਜਿੰਦਰ ਸ਼ਰਮਾ, ਗੁਰਪ੍ਰੀਤ ਸਿੰਘ, ਵਿਨੋਦ ਗੁਪਤਾ ਆਦਿ ਹਾਜ਼ਰ ਸਨ।