ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜੂਨ
ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਹਟਾਏ ਗਏ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਚੋਣਾਂ ਖ਼ਤਮ ਹੋਣ ਦੇ 2 ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਫਿਰ ਤੋਂ ਲੁਧਿਆਣਾ ਦਾ ਪੁਲੀਸ ਕਮਿਸ਼ਨਰ ਤਾਇਨਾਤ ਕਰ ਦਿੱਤਾ ਹੈ। ਚੋਣਾਂ ਖਤਮ ਹੋਣ ਤੋਂ ਤੁਰੰਤ ਬਾਅਦ ਅਧਿਕਾਰੀਆਂ ਦੇ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਠ ਆਈਪੀਐਸ ਅਧਿਕਾਰੀਆਂ ਨੂੰ ਇੱਧਰ-ਉੱਧਰ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਜਗ੍ਹਾ ਏਡੀਜੀਪੀ ਨਿਲਾਭ ਕਿਸ਼ੋਰ ਨੂੰ ਪੁਲੀਸ ਕਮਿਸ਼ਨਰ ਲਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਫਿਰ ਏਡੀਜੀਪੀ ਐਸਟੀਐਫ ਤਾਇਨਾਤ ਕਰ ਦਿੱਤਾ ਗਿਆ ਹੈ। ਕੁਲਦੀਪ ਸਿੰਘ ਚਾਹਲ ਸ਼ਨਿੱਚਰਵਾਰ ਨੂੰ ਅਹੁਦਾ ਸੰਭਾਲ ਸਕਦੇ ਹਨ। ਪੁਲੀਸ ਕਮਿਸ਼ਨਰ ਦੇ ਅਹੁਦੇ ’ਤੇ ਰਹਿੰਦੇ ਹੋਏ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਪੁੱਜੀ ਤਾਂ ਚੋਣ ਕਮਿਸ਼ਨ ਨੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਨਾਲ ਨਾਲ ਜਲੰਧਰ ਪੁਲੀਸ ਕਮਿਸ਼ਨਰ ਨੂੰ ਹਟਾ ਦਿੱਤਾ ਅਤੇ ਹੁਕਮ ਜਾਰੀ ਕੀਤਾ ਕਿ ਉਨ੍ਹਾਂ ਨੂੰ ਚੋਣਾਂ ’ਚ ਕਿਸੇ ਤਰ੍ਹਾਂ ਦੇ ਅਹੁਦੇ ’ਤੇ ਤਾਇਨਾਤ ਨਾ ਕੀਤਾ ਜਾਵੇ। ਇਸ ਤੋਂ ਬਾਅਦ ਸਰਕਾਰ ਵੱਲੋਂ ਭੇਜੇ ਗਏ ਪੈਨਲ ’ਚੋਂ ਏਡੀਜੀਪੀ ਨਿਲਾਭ ਕਿਸ਼ੋਰ ਨੂੰ ਪੁਲੀਸ ਕਮਿਸ਼ਨਰ ਲਾਇਆ ਗਿਆ ਸੀ।