ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਜੂਨ
ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਮਗਰੋਂ ਕਈ ਸਾਲ ਮੰਜੇ ’ਤੇ ਪਏ ਰਹਿਣ ਤੋਂ ਬਾਅਦ ਹੋਈ ਮੌਤ ਦੇ ਮਾਮਲੇ ’ਚ ਕਾਰਵਾਈ ਤੇ ਇਨਸਾਫ਼ ਲਈ ਜਥੇਬੰਦੀਆਂ ਦਾ ਵਫ਼ਦ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇਗਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਿਰਲੋਚਨ ਸਿੰਘ ਝੋਰੜਾਂ ਤੇ ਹੋਰਨਾਂ ਨੇ ਥਾਣਾ ਸਿਟੀ ਮੂਹਰੇ ਚੱਲਦੇ ਧਰਨੇ ਦੌਰਾਨ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁਲਵੰਤ ਕੌਰ ਦੀ ਮੌਤ ਮਗਰੋਂ ਪੁਲੀਸ ਨੇ ਡੀਐੱਸਪੀ ਸਮੇਤ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਪਰ ਬਾਅਦ ’ਚ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ’ਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਵੀਹ ਸਾਲ ਤੋਂ ਨਿਆਂ ਲਈ ਲੜ ਰਹੇ ਅਨੁਸੂਚਿਤ ਜਾਤੀ ਦੇ ਪਰਿਵਾਰ ਦੇ ਆਰਥਿਕ ਤੇ ਸਮਾਜਿਕ ਉਜਾੜੇ ਦੀ ਭਰਪਾਈ ਲਈ ਵੀ ਕਿਹਾ ਹੈ। ਇਸ ਬਾਰੇ ਇਕ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਗਈ ਹੈ। ਗੁਰਦਿਆਲ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਨਿਰਮਲ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਢੋਲਣ ਤੇ ਹੋਰਨਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਦੋ ਸਾਲ ਤੋਂ ਧਰਨੇ ’ਤੇ ਬੈਠਾ ਨਿਆਂ ਮੰਗ ਰਿਹਾ ਹੈ। ਕੁਲਵੰਤ ਕੌਰ ਦੀ ਪੀੜਤ ਮਾਤਾ ਸੁਰਿੰਦਰ ਕੌਰ ਨੇ ਧਰਨਾ ਸ਼ੁਰੂ ਕਰਨ ਮੌਕੇ ਧਰਨੇ ’ਚ ਪਹੁੰਚੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਆਪਣੇ ਖੂਨ ਨਾਲ ਲਿਖਿਆ ਇਕ ਪੱਤਰ ਵੀ ਮੁੱਖ ਮੰਤਰੀ ਦੇ ਨਾਂ ਸੌਂਪਿਆ ਸੀ। ਇਹ ਪੱਤਰ ਮੁੱਖ ਮੰਤਰੀ ਤਕ ਪਹੁੰਚਣ, ਵਫ਼ਦ ਦੀ ਡੀਜੀਪੀ ਨਾਲ ਮੁਲਾਕਾਤ ਅਤੇ ਰੋਸ ਮਾਰਚ ਤੇ ਘਿਰਾਓ ਦੇ ਬਾਵਜੂਦ ਅੱਜ ਤਕ ਨਿਆਂ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਨਾ ਸਿਰਫ ਤਸੀਹੇ ਦਿੱਤੇ ਸਗੋਂ ਝੂਠੇ ਕੇਸਾਂ ’ਚ ਵੀ ਫਸਾਇਆ ਗਿਆ। ਇਕਬਾਲ ਸਿੰਘ ਨੂੰ ਝੂਠੇ ਕੇਸਾਂ ਕਾਰਨ ਆਪਣੀ ਨੌਕਰੀ ਛੱਡਣੀ ਪਈ। ਇਸ ਮੌਕੇ ਜਿੰਦਰ ਮਾਣੂੰਕੇ, ਗੁਰਚਰਨ ਸਿੰਘ, ਜਲੌਰ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਸੁਖਬੀਰ ਸਿੰਘ ਰਤਨ, ਪ੍ਰੇਮ ਸਿੰਘ ਜੋਧਾਂ ਆਦਿ ਹਾਜ਼ਰ ਸਨ।