ਪੱਤਰ ਪ੍ਰੇਰਕ
ਪਾਇਲ, 6 ਨਵੰਬਰ
ਦਿ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਜਰਗੜੀ ਦੇ ਪ੍ਰਧਾਨ ਦਲਜੀਤ ਕੌਰ, ਕੇਵਲ ਸਿੰਘ ਅਤੇ ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਮਾਰਕਫੈੱਡ ਦੇ ਅਧਿਕਾਰੀ ਜਰਗੜੀ ਸੁਸਾਇਟੀ ਨਾਲ ਡੀਏਪੀ ਖਾਦ ਭੇਜਣ ਸਮੇਂ ਕਥਿਤ ਵਿਤਕਰਾ ਕਰ ਰਹੇ ਹਨ। 2700 ਏਕੜ ਵਾਲੀ ਤਿੰਨ ਪਿੰਡਾਂ ਦੀ ਸਾਂਝੀ ਸੁਸਾਇਟੀ ਨੂੰ 700 ਥੈਲੇ ਖਾਦ ਭੇਜੀ ਗਈ ਹੈ। ਦੂਜੇ ਪਾਸੇ, ਚੇਅਰਮੈਨ ਦੇ ਪਿੰਡ ਜੰਡਾਲੀ ਸੁਸਾਇਟੀ ਨੂੰ 800 ਏਕੜ ਪਿੱਛੇ 800 ਥੈਲਾ ਖਾਦ ਦਾ ਭੇਜਿਆ ਗਿਆ ਹੈ।
ਕੇਵਲ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਡੀਲਰਾਂ ਨੂੰ ਲਾਭ ਪਹੁੰਚਾਉਣ ਲਈ ਸੁਸਾਇਟੀਆਂ ਦਾ ਕੋਟਾ 80 ਫ਼ੀਸਦੀ ਤੋਂ ਘਟਾ ਕੇ 50 ਫ਼ੀਸਦੀ ਕਰ ਦਿੱਤਾ ਹੈ। ਇਸ ਨੂੰ ਪਹਿਲੀ ਸਥਿਤੀ ’ਚ ਬਹਾਲ ਕੀਤਾ ਜਾਵੇ। ਕਣਕ ਦੀ ਬਿਜਾਈ ਦਾ ਸੀਜਨ ਹੋਣ ਕਰ ਕੇ ਡੀਏਪੀ ਖਾਦ ਸੁਸਾਇਟੀਆਂ ਵਿੱਚ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਰਕਫੈੱਡ ਦੇ ਅਧਿਕਾਰੀਆਂ ਨੇ ਕਿਹਾ ਕਿ 300 ਥੈਲਾ ਕਿਲਾ ਰਾਏਪੁਰ ਡੰਪ ਤੋਂ ਸੁਸਾਇਟੀ ਲੈ ਕੇ ਜਾਵੇ ਜਦੋਂਕਿ ਸੁਸਾਇਟੀਆਂ ਵਿੱਚ ਖਾਦ ਪਹੁੰਚਾਉਣ ਦੀ ਜ਼ਿੰਮੇਵਾਰੀ ਮਾਰਕਫੈੱਡ ਦੀ ਬਣਦੀ ਹੈ।
ਖਾਦ ਭੇਜੀ ਗਈ ਹੈ: ਬਲਤੇਜ ਸਿੰਘ
ਮਾਰਕਫੈੱਡ ਦੇ ਇੰਸਪੈਕਟਰ ਬਲਤੇਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਸੁਸਾਇਟੀ ਨੂੰ ਰੇਸ਼ੋ ਮੁਤਾਬਿਕ ਖਾਦ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦੀ ਸਮੱਸਿਆ ਕਾਰਨ ਕਿਲਾ ਰਾਏਪੁਰ ਡੰਪ ਤੋਂ ਖਾਦ ਚੁੱਕਣ ਲਈ ਕਿਹਾ ਗਿਆ ਸੀ। ਇਸ ਦਾ ਸੁਸਾਇਟੀ ਨੂੰ 10 ਰੁਪਏ ਪ੍ਰਤੀ ਥੈਲਾ ਕਿਰਾਇਆ ਦਿੱਤਾ ਜਾਵੇਗਾ।