ਦੇਵਿੰਦਰ ਸਿੰਘ ਜੱਗੀ
ਪਾਇਲ, 16 ਫਰਵਰੀ
ਇਥੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਗੁਰੂ ਤੇਗ ਬਹਾਦਰ ਬੱਸ ਅੱਡੇ ਦਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਬੱਸ ਅੱਡੇ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ। ਬੱਸ ਸਟੈਂਡ ਦੇ ਦੋਵੇਂ ਪਾਸੇ ਅੰਦਰ ਆਉਣ ਤੇ ਜਾਣ ਵਾਲੇ ਨਵੇਂ ਸੁੰਦਰ ਗੇਟ ਬਣਾਉਣ, ਸਟਾਲਾਂ, ਪਖਾਨੇ, ਰੌਸ਼ਨੀ ਦੇ ਪ੍ਰਬੰਧ ਲਈ ਨਵੀਆਂ ਲਾਈਟਾਂ ਲਗਾਉਣੀਆਂ, ਯਾਤਰੂਆਂ ਦੇ ਰਾਤ ਰਹਿਣ ਲਈ ਦੋ ਨਵੇਂ ਕਮਰੇ ਅਤੇ ਮੁਸਾਫਿਰਾਂ ਦੇ ਬੈਠਣ-ਖੜ੍ਹਨ ਲਈ ਵਧੀਆਂ ਪ੍ਰਬੰਧ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਇਲ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਪਹਿਲ ਦੇ ਆਧਾਰ ’ਤੇ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਉਨ੍ਹਾਂ ਦੁਕਾਨਦਾਰਾਂ ਤੋਂ ਸੁਝਾਅ ਵੀ ਲਏ। ਵਿਧਾਇਕ ਲੱਖਾ ਨੇ ਨਗਰ ਕੌਂਸਲ ਪਾਇਲ ਦੇ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਨੂੰ ਵੀ ਹਦਾਇਤਾਂ ਕੀਤੀਆਂ ਕਿ ਬੱਸ ਸਟੈਂਡ ਦਾ ਵਿਕਾਸ ਪੂਰੀ ਸੁਹਿਰਦਤਾ ਨਾਲ ਕੀਤਾ ਜਾਵੇ। ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਈਓ ਸੁਖਦੇਵ ਸਿੰਘ, ਸਾਬਕਾ ਪ੍ਰਧਾਨ ਮਲਕੀਤ ਸਿੰਘ ਗੋਗਾ, ਯੂਨੀਅਰ ਸਹਾਇਕ ਮੋਹਣ ਸਿੰਘ ਔਜਲਾ, ਇੰਜ: ਪਰਮਿੰਦਰ ਸਿੰਘ ਬੈਨੀਪਾਲ, ਕ੍ਰਿਸ਼ਨ ਕੁਮਾਰ ਪੋਪਲੀ, ਐੱਮਡੀ ਹਰਮੀਤ ਸਿੰਘ, ਪਰਦੀਪ ਸਿੰਘ ਆਦਿ ਹਾਜ਼ਰ ਸਨ।