ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਅਕਤੂਬਰ
ਇੱਥੇ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਮੋਰਚੇ ਦੇ 376ਵੇਂ ਦਿਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ, ਦੇਸ਼-ਵਿਦੇਸ਼ ’ਚ ਆਮ ਲੋਕਾਂ ਅਤੇ ਵਿਰੋਧੀ ਧਿਰ ਦੇ ਦਬਾਅ ਕਰਕੇ ਯੂਪੀ ਪੁਲੀਸ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਨੂੰ ਪੁੱਛ-ਪੜਤਾਲ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਪਰ ਪੁਲੀਸ ਦਾ ਵਿਵਹਾਰ ਪੂਰੀ ਤਰ੍ਹਾਂ ਪੱਖਪਾਤੀ ਰਿਹਾ ਹੈ।
ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਕਾਨੂੰਨ ਦੇ ਹਾਕਮਾਂ-ਧਨਾਢਾਂ ਲਈ ਵੱਖਰਾ ਅਤੇ ਆਮ ਲੋਕਾਂ ਲਈ ਵੱਖਰਾ ਰਾਹ ਅਖਤਿਆਰ ਕਰਨ ਦੇ ਭਵਿੱਖ ’ਚ ਭਿਆਨਕ ਸਿੱਟੇ ਨਿਕਲਣਗੇ। ਕੋਲੇ ਦੀ ਤੋਟ ਦਿਖਾ ਕੇ ਬਿਜਲੀ ਦੇ ਲੱਗ ਰਹੇ ਕੱਟਾਂ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਕਟ ਨਾਲ ਸਰੋਕਾਰ ਹੈ ਨਾ ਕਿ ਕਾਰਨਾਂ ਨਾਲ। ਬਿਜਲੀ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸਰਕਾਰਾਂ ਸਮੁੱਚਾ ਬਿਜਲੀ ਪ੍ਰਬੰਧ ਪ੍ਰਾਈਵੇਟ ਹੱਥਾਂ ’ਚ ਦੇਣਾ ਚਾਹੁੰਦੀਆਂ ਹਨ ਅਤੇ ਸੰਭਵ ਹੈ ਕਿ ਇਹ ਵੀ ਅਡਾਨੀ-ਅੰਬਾਨੀ ਹਵਾਲੇ ਕਰ ਦਿੱਤਾ ਜਾਵੇ। ਧਰਨੇ ਦੌਰਾਨ ਸਭ ਤੋਂ ਪਹਿਲਾਂ ਕਿਸਾਨ ਲਹਿਰ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ 11ਵੀਂ ਬਰਸੀ ’ਤੇ ਧਰਨਾਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਖੰਨਾ ਤੇ ਹੋਰ ਆਗੂਆਂ ਨੇ ਜਗਰਾਉਂ ’ਚ ਇਕ ਅਖ਼ਬਾਰ ਦੇ ਸੰਪਾਦਕ ਦੀ ਟਿੱਪਣੀ ’ਤੇ ਉੱਠੇ ਵਿਵਾਦ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਜ਼ਿੰਮੇਵਾਰ ਨਾਗਰਿਕ ਨੂੰ ਅਜਿਹੀਆਂ ਟਿੱਪਣੀਆਂ ਤੋਂ ਬਚਣ ਦੀ ਲੋੜ ਹੁੰਦੀ ਹੈ। ਹਿੰਦੂ ਜਥੇਬੰਦੀਆਂ ਨੂੰ ਵੀ ਠਰ੍ਹੰਮੇ ਤੋਂ ਕੰਮ ਲੈਣਾ ਚਾਹੀਦਾ ਹੈ।