ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਮਈ
ਥਾਣਾ ਕੋਤਵਾਲੀ ਦੇ ਬਿਲੱਕੁਲ ਪਿੱਛੇ ਚੋਰਾਂ ਨੇ ਇੱਕ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਬਿਜਲੀ ਦਾ ਸਾਮਾਨ ਚੋਰੀ ਕਰ ਲਿਆ।
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਦਿਖ ਰਿਹਾ ਹੈ ਕਿ ਚੋਰ ਪੁਰਾਣੇ ਕਿਤਾਬ ਬਾਜ਼ਾਰ ਤੇ ਕੇਸਰਗੰਜ ਮੰਡੀ ਚੌਕ ਵਿੱਚ ਬਿਜਲੀ ਦੀ ਦੁਕਾਨ ’ਤੇ ਚੋਰੀ ਕਰ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਸਵੇਰੇ ਲੱਗਿਆ ਅਤੇ ਰਾਹਗੀਰ ਨੇ ਦੁਕਾਨ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ। ਸੇਠੀ ਇਲੈਕਟ੍ਰੋਨਿਕਸ ਦੇ ਮਾਲਕ ਰਾਜ ਕੁਮਾਰ ਸੇਠੀ ਨੇ ਇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ। ਜਦੋਂ ਮਾਲਕ ਸੇਠੀ ਦੁਕਾਨ ’ਤੇ ਪੁੱਜੇ ਤਾਂ ਸ਼ਟਰ ਟੁੱਟਿਆ ਹੋਇਆ ਸੀ ਤੇ ਅੰਦਰੋਂ ਸਾਮਾਨ ਗਾਇਬ ਸੀ। ਕੋਤਵਾਲੀ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਤੇ ਜਾਂਚ ਸ਼ੁਰੂ ਕਰ ਦਿੱਤੀ।
ਸੇਠੀ ਇਲੈਕਟ੍ਰੋਨਿਕਸ ਦੇ ਮਾਲਕ ਰਾਜ ਕੁਮਾਰ ਅਨੁਸਾਰ ਬੁੱਧਵਾਰ ਦੀ ਰਾਤ ਨੂੰ ਉਹ ਦੁਕਾਨ ਬੰਦ ਕਰ ਘਰ ਚਲੇ ਗਏ ਸਨ। ਪਿੱਛੋਂ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋ ਬਿਜਲੀ ਦਾ ਸਾਰਾ ਸਾਮਾਨ ਚੋਰੀ ਕਰ ਲਿਆ। ਥਾਣਾ ਕੋਤਵਾਲੀ ਦੇ ਐਸ.ਐਚ.ਓ ਇੰਸਪੈਕਟਰ ਅਮ੍ਰਿਤਪਾਲ ਨੇ ਦੱਸਿਆ ਕਿ ਫੁਟੇਜ ਅਨੁਸਾਰ ਮੁਲਜ਼ਮ ਨਿਸ਼ਾਨ ਸੰਨੀ ’ਤੇ ਸਵਾਰ ਹੋ ਕੇ ਆਏ ਸਨ ਅਤੇ ਚੋਰੀ ਕਰ ਫ਼ਰਾਰ ਹੋ ਗਏ। ਫੁਟੇਜ ਕਬਜ਼ੇ ’ਚ ਲੈ ਲਈ ਗਈ ਹੈ ਅਤੇ ਜਾਂਚ ਜਾਰੀ ਹੈ ਤੇ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।