ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਜਨਵਰੀ
ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਦੀ ਜੈਯੰਤੀ ਮੌਕੇ ਅੱਜ ਇਥੇ ਵੱਖ-ਵੱਖ ਥਾਵਾਂ ’ਤੇ ਸਮਾਗਮ ਹੋਏ। ਉਨ੍ਹਾਂ ਵੱਲੋਂ ਆਪਣੇ ਪਿਤਾ ਦੀ ਯਾਦ ’ਚ ਬਣਾਏ ਆਰਕੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਨਮ ਦਿਹਾੜੇ ਨੂੰ ਸਮਰਪਿਤ ਮੁੱਖ ਸਮਾਗਮ ਹੋਇਆ। ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਮੂਲ ਰੂਪ ’ਚ ਜਗਰਾਉਂ ਦੇ ਰਹਿਣ ਵਾਲੇ ਲਾਲਾ ਲਾਜਪਤ ਰਾਏ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਢੁੱਡੀਕੇ ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਘਰ ਅੱਜ ਵੀ ਜਗਰਾਉਂ ਦੇ ਪੁਰਾਣੇ ਸ਼ਹਿਰ ’ਚ ਸਥਿਤ ਹੈ ਜਿਸ ਦੀ ਦੇਖ ਰੇਖ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਘਰ ਦੇ ਨੇੜੇ ਹੀ ਉਨ੍ਹਾਂ ਲਾਇਬ੍ਰੇਰੀ ਹਨ। ਸਮਾਗਮ ’ਚ ਪੁੱਜੇ ਡਾ. ਸਤੀਸ਼ ਸ਼ਰਮਾ, ਰਾਜਿੰਦਰ ਜੈਨ, ਗੁਰਿੰਦਰ ਸਿੰਘ ਸਿੱਧੂ, ਹਿੰਮਤ ਵਰਮਾ, ਡਾ. ਨਰਿੰਦਰ ਸਿੰਘ, ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਕਿਹਾ ਕਿ 1865 ’ਚ ਜਨਮੇ ਲਾਲਾ ਲਾਜਪਤ ਰਾਏ ਦਾ ਆਜ਼ਾਦੀ ਸੰਗਰਾਮ ’ਚ ਵੱਡਾ ਯੋਗਦਾਨ ਰਿਹਾ। ਇਸ ਸਮੇਂ ਮਿਸ਼ਨ ਗਰੀਨ ਪੰਜਾਬ ਵੱਲੋਂ ਮੇਜਰ ਸਿੰਘ ਛੀਨਾ ਤੇ ਮੈਡਮ ਕੰਚਨ ਗੁਪਤਾ ਦੀ ਅਗਵਾਈ ’ਚ ਬੂਟੇ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਐੱਸਪੀ (ਡੀ) ਗੁਰਦੀਪ ਸਿੰਘ, ਐਡਵੋਕੇਟ ਰਘੁਵੀਰ ਸਿੰਘ ਤੂਰ, ਪ੍ਰਿੰ. ਚਰਨਜੀਤ ਸਿੰਘ ਭੰਡਾਰੀ ਮੌਜੂਦ ਸਨ। ਇਸੇ ਤਰ੍ਹਾਂ ਲਾਲਾ ਜੀ ਦੇ ਜੱਦੀ ਘਰ ਦੇ ਬਾਹਰ ਲੱਗੇ ਉਨ੍ਹਾਂ ਦੇ ਬੁੱਤ ’ਤੇ ਵੀ ਜਨਮ ਦਿਵਸ ਮੌਕੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਭਾਜਪਾ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ, ਡਾ. ਰਜਿੰਦਰ ਸ਼ਰਮਾ, ਗੌਰਵ ਖੁੱਲਰ ਨੇ ਨਮਨ ਕੀਤਾ। ਕਮੇਟੀ ਪਾਰਕ ’ਚ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਕਾਮਰੇਡ ਰਵਿੰਦਰਪਾਲ ਰਾਜੂ ਨੇ ਲਾਲਾ ਲਾਜਪਤ ਰਾਏ ਦੇ ਲੱਗੇ ਆਦਮਕੱਦ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ।