ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਅਕਤੂਬਰ
ਇਥੋਂ ਦੇ ਨੇੜਲੇ ਪਿੰਡ ਸਲੌਦੀ ਦੀ ਹੱਡਾਰੋੜੀ ਦੀ ਜ਼ਮੀਨ ਨੂੰ ਲੈ ਕੇ ਇਕ ਪਰਿਵਾਰ, ਸਰਪੰਚ ਤੇ ਗ੍ਰਾਮ ਪੰਚਾਇਤ ਵਿੱਚ ਤਕਰਾਰ ਵੱਧਦਾ ਨਜ਼ਰ ਆ ਰਿਹਾ ਹੈ। ਇੱਕ ਪਰਿਵਾਰ ਨੇ ਸਰਪੰਚ ਅਤੇ ਉਸਦੇ ਸਾਥੀਆਂ ’ਤੇ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਐੱਸਐੱਸਪੀ ਅਮਨੀਤ ਕੌਂਡਲ ਨੂੰ ਲਿਖ਼ਤੀ ਦਸਖ਼ਾਸਤ ਦੇ ਕੇ ਮੁਲਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਪਿੰਡ ਵਾਸੀ ਕਪੂਰ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਉਸ ਦੇ ਪਿਤਾ ਗੱਜਣ ਸਿੰਘ ਨੇ ਸਾਲ 1990 ਵਿੱਚ ਪਿੰਡ ਕਲਾਲਮਾਜਰਾ ਦੇ ਪਰਿਵਾਰ ਤੋਂ ਖ਼ਰੀਦੀ ਸੀ, ਜਿਸ ਦਾ ਕਰਾਰਨਾਮਾ ਉਨ੍ਹਾਂ ਕੋਲ ਹੈ। ਉਸ ਦੇ ਪਿਤਾ ਨੇ ਮਰਨ ਤੋਂ ਪਹਿਲਾਂ ਇਸ ਜ਼ਮੀਨ ਦੀ ਵਸੀਅਤ ਉਸ ਦੇ ਨਾਮ ਕਰਵਾ ਦਿੱਤੀ ਸੀ, ਜੋ ਪਿੰਡ ਦੀ ਹੱਡਾਰੋੜੀ ਦੀ ਜ਼ਮੀਨ ਹੈ ਅਤੇ ਖਾਟੂ ਧਾਮ ਮੰਦਰ ਦੇ ਪਿਛਲੇ ਪਾਸੇ ਹੈ ਪਰ ਸਰਪੰਚ ਤੇ ਪਿੰਡ ਵਾਸੀ ਉਨ੍ਹਾਂ ਦੀ ਜ਼ਮੀਨ ਨੂੰ ਹੀ ਹੱਡਾਰੋੜੀ ਦੀ ਜਗ੍ਹਾ ਦੱਸ ਰਹੇ ਹਨ। ਹੁਣ ਅਸੀਂ ਇਸ ਜ਼ਮੀਨ ’ਤੇ ਭਾਈ ਮਰਦਾਨਾ ਦੀ ਯਾਦਗਾਰ ਵਿਚ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦੇ ਹਾਂ। ਜਿਸ ਸਬੰਧੀ ਉਨ੍ਹਾਂ ਦੀਆਂ ਦੋਵੇਂ ਲੜਕੀਆਂ, ਜਵਾਈ ਅਤੇ ਉਸ ਦੀ ਪਤਨੀ ਜ਼ਮੀਨ ਦੀ ਸਫ਼ਾਈ ਕਰਵਾ ਰਹੇ ਸੀ। ਉਸ ਮੌਕੇ ਸਰਪੰਚ ਮਨਦੀਪ ਕੁਮਾਰ, ਪਰਮਿੰਦਰ ਸਿੰਘ ਗੋਲਡੀ, ਬਲਤੇਜ ਸਿੰਘ ਬੱਲਾ, ਜਸਵਿੰਦਰ ਸਿੰਘ ਗਿਆਨੀ ਅਤੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਅਤੇ ਪਰਿਵਾਰ ਦੀ ਕੁੱਟਮਾਰ ਕਰ ਕੇ ਜਾਤੀਸੂਚਕ ਸ਼ਬਦ ਬੋਲੇ। ਉਨ੍ਹਾਂ ਕਿਹਾ ਕਿ ਬਲਤੇਜ ਸਿੰਘ ਬੱਲਾ ਪਹਿਲਾ ਹੀ ਕਤਲ ਕੇਸ ਵਿਚ ਜ਼ਮਾਨਤ ’ਤੇ ਆਇਆ ਹੈ, ਜਿਸ ਨੇ ਪਰਿਵਾਰ ਨੂੰ ਧਮਕੀਆ ਦਿੱਤੀਆਂ। ਇਸ ਤੋਂ ਇਲਾਵਾ ਸਰਪੰਚ ਨੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਧਮਕਾਇਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਲਤੇਜ ਸਿੰਘ ਦੀ ਜ਼ਮਾਨਤ ਰੱਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਸਬੰਧੀ ਸਰਪੰਚ ਮਨਦੀਪ ਕੁਮਾਰ ਅਤੇ ਉਸਦੇ ਸਾਥੀਆਂ ਨੇ ਪੀੜਤ ਪਰਿਵਾਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਜ਼ਮੀਨ ’ਤੇ ਕਈ ਦਹਾਕਿਆਂ ਤੋਂ ਹੱਡਾਰੋੜੀ ਚੱਲ ਰਹੀ ਹੈ, ਜਦੋਂ ਦਾ ਇਸ ਜ਼ਮੀਨ ਨਾਲ ਸਕੂਲ ਤੇ ਮੰਦਰ ਬਣ ਗਿਆ ਇਸ ਜਗ੍ਹਾ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ। ਇਸ ਕਰਕੇ ਲੋਕ ਇਸ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।