ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਜੂਨ
ਵਿਧਾਨ ਸਭਾ ਹਲਕਾ ਸਮਰਾਲਾ ਦੀਆਂ ਤਿੰਨ ਪ੍ਰਮੁਖ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਸਮਰਾਲਾ ਤੋਂ ਲੈ ਕੇ ਇਤਿਹਾਸਕ ਸ਼ਹਿਰ ਮਾਛੀਵਾੜਾ ਵਿੱਚੋਂ ਹੋ ਕੇ ਗੁਜ਼ਰਦੀ ਸਤਲੁਜ ਪੁਲ ਤੱਕ ਕਰੀਬ 17 ਕਿਲੋਮੀਟਰ ਲੰਬੀ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਅਜੇ ਤੱਕ ਇਸ ਦੀ ਮੁਰੰਮਤ ਦਾ ਕੰਮ ਫਾਈਲਾਂ ਵਿੱਚ ਹੀ ਘੁੰਮ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਸੜਕ ਉੱਪਰ ਕਰੀਬ 27 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਤਖ਼ਮੀਨਾ ਲੋਕ ਨਿਰਮਾਣ ਵਿਭਾਗ ਵੱਲੋਂ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਜਾ ਚੁੱਕਾ ਹੈ ਅਤੇ ਜੇਕਰ ਆਉਣ ਵਾਲੇ ਕੁਝ ਦਿਨਾਂ ’ਚ ਪ੍ਰਵਾਨਗੀ ਆ ਕੇ ਟੈਂਡਰ ਹੋਣ ਉਪਰੰਤ ਕੰਮ ਸ਼ੁਰੂ ਹੋ ਗਿਆ ਤਾਂ ਠੀਕ ਨਹੀਂ ਤਾਂ ਅਕਤੂਬਰ ਤੋਂ ਬਾਅਦ ਠੰਢ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ, ਜਿਸ ਲਈ ਪ੍ਰੀਮਿਕਸ ਵਿਛਾਉਣ ਦਾ ਕੰਮ ਤਸੱਲੀਬਖ਼ਸ ਨਹੀਂ ਹੁੰਦਾ। ਸਮਰਾਲਾ ਨੂੰ ਸਤਲੁਜ ਪੁਲ ਤੱਕ ਜੋੜਦੀ ਇਸ ਸੜਕ ਵਿੱਚ ਡੂੰਘੇ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਅਤੇ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਕਰ ਰਹੇ ਹਨ। ਲੋਕਾਂ ਨੂੰ ਆਸ ਸੀ ਕਿ ਨਵੀਂ ਆਈ ‘ਆਪ’ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਲਾਰੇ ਨਹੀਂ ਲਗਾਵੇਗੀ ਬਲਕਿ ਕੰਮ ਕਰ ਕੇ ਦਿਖਾਵੇਗੀ ਪਰ ਜੇਕਰ ਆਉਣ ਵਾਲੇ 4 ਮਹੀਨੇ ’ਚ ਸੜਕ ਦਾ ਕਾਰਜ ਮੁਕੰਮਲ ਨਾ ਹੋਇਆ ਤਾਂ ਲੋਕਾਂ ਦਾ ਇਸ ਸਰਕਾਰ ਤੋਂ ਵੀ ਵਿਸ਼ਵਾਸ ਉੱਠਦਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਪਵਾਤ ਤੋਂ ਇਤਿਹਾਸਕ ਸ਼ਹਿਰ ਮਾਛੀਵਾੜਾ ਨੂੰ ਜੋੜਦਾ ਗੁਰੂ ਗੋਬਿੰਦ ਸਿੰਘ ਮਾਰਗ ਦੀ ਵੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਇਸ 9 ਕਿਲੋਮੀਟਰ ਲੰਬੀ ਸੜਕ ਦੇ ਵੀ 6.10 ਕਰੋੜ ਦਾ ਤਖਮੀਨਾ ਤਿਆਰ ਹੈ ਪਰ ਇੰਤਜ਼ਾਰ ਹੈ ਸਰਕਾਰ ਦੀ ਪ੍ਰਵਾਨਗੀ ਅਤੇ ਟੈਂਡਰ ਦਾ। ਇਸ ਤਰ੍ਹਾਂ ਹੀ ਇਤਿਹਾਸਕ ਨਗਰੀ ਝਾੜ ਸਾਹਿਬ ਤੋਂ ਸਮਰਾਲਾ ਸ਼ਹਿਰ ਨੂੰ ਜੋੜਦੀ ਸੜਕ ਵੀ ਬੇਹੱਦ ਟੁੱਟੀ ਹੋਣ ਕਾਰਨ ਮੁਰੰਮਤ ਦੇ ਇੰਤਜ਼ਾਰ ’ਚ ਹੈ। ਹਲਕਾ ਸਮਰਾਲਾ ਦੇ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਇਨ੍ਹਾਂ 3 ਪ੍ਰਮੁੱਖ ਸੜਕਾਂ ਦੀ ਮੁਰੰਮਤ ਸਬੰਧੀ ਉਹ ਕੁਝ ਹੀ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਹੇ ਬਜਟ ਸੈਸ਼ਨ ਉਪਰੰਤ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ ਟੈਂਡਰ ਪ੍ਰਕਿਰਿਆ ਸਬੰਧੀ ਉਹ ਲੋਕ ਨਿਰਮਾਣ ਮੰਤਰੀ ਨੂੰ ਮਿਲਣਗੇ।