ਮੰਡੀ ਅਹਿਮਦਗੜ੍ਹ(ਮਹੇਸ਼ ਸ਼ਰਮਾ): ਲੁਧਿਆਣਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਅਧੀਨ ਪੈਂਦੇ ਇਲਾਕੇ ਦੇ ਕਰੀਬ ਦੋ ਦਰਜ਼ਨ ਪਿੰਡਾਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਨਾਲ ਹਜ਼ਾਰਾਂ ਏਕੜ ਖੇਤਾਂ ਵਿੱਚ ਖੜ੍ਹੀਆਂ ਝੋਨੇ ਦੀਆਂ ਫ਼ਸਲਾਂ, ਹਰੇ ਚਾਰੇ ਦੇ ਖੇਤ ਤੇ ਬਾਗਬਾਨੀ ਦੇ ਫਾਰਮਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਬਲਦੇਵ ਸਿੰਘ ਲਤਾਲਾ ਨੇ ਖਦਸ਼ਾ ਜਾਹਰ ਕੀਤਾ ਹੈ ਕਿ ਵੱਡੀ ਗਿਣਤੀ ਕਿਸਾਨ ਮੁੜ ਕਰਜ਼ੇ ਦੀ ਮਾਰ ਹੇਠ ਆ ਜਾਣਗੇ। ਬਲਦੇਵ ਲਤਾਲਾ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਕਦੇ ਵੀ ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਕਿਸਾਨਾਂ ਦੀ ਬਾਂਹ ਨਹੀਂ ਫੜੀ ਅਤੇ ਸਿਰਫ਼ ਰਸਮਾਂ ਕਰਵਾਕੇ ਨਾ ਮਾਤਰ ਭਰਪਾਈ ਕਰਵਾ ਕੇ ਵਾਹ ਵਾਹ ਖੱਟਣ ਦੀ ਕੋਸ਼ਿਸ ਕਰਦੀਆਂ ਰਹੀਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪਿੰਡ ਨੂੰ ਇਕਾਈ ਮੰਨਣ ਦੀ ਬਜਾਏ ਇੱਕ ਖੇਤ ਨੂੰ ਇਕਾਈ ਮੰਨਿਆ ਜਾਵੇ, ਚਾਹੇ ਉਹ ਕਿੰਨਾ ਵੀ ਛੋਟਾ ਹੋਵੇ। ਆਪਣੀ ਜ਼ਮੀਨ ਤੋਂ ਇਲਾਵਾ ਸੱਠ ਏਕੜ ਚਕੋਤੇ ’ਤੇ ਲੈ ਕੇ ਝੋਨੇ ਦੀ ਕਾਸ਼ਤ ਕਰਦੇ ਆ ਰਹੇ ਘੁੰਗਰਾਣਾ ਪਿੰਡ ਦੇ ਨੌਜਵਾਨ ਕਿਸਾਨ ਮਨੀ ਧਾਲੀਵਾਲ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਸੱਠ ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ ਚਕੋਤਾ ਅਦਾ ਕਰਨ ਲਈ ਰਕਮ ਦਾ ਪ੍ਰਬੰਧ ਕਿੱਥੋਂ ਕਰੇਗਾ ਕਿਉਂਕਿ ਮੌਜੂਦਾ ਹਾਲਾਤਾਂ ਅਨੁਸਾਰ ਫ਼ਸਲ ਦਾ ਝਾੜ ਵੀ ਘਟਣ ਦਾ ਖਦਸ਼ਾ ਹੈ ਅਤੇ ਗੁਣਵੱਤਾ ’ਤੇ ਵੀ ਮਾੜਾ ਅਸਰ ਪੈਣਾ ਹੈ। ਧਾਲੀਵਾਲ ਵੀ ਉਨ੍ਹਾਂ ਕਿਸਾਨਾਂ ਵਿੱਚ ਹੈ ਜਿਨ੍ਹਾਂ ਦੀ ਨਜ਼ਰ ਅਸਮਾਨ ਉੱਪਰ ਲੱਗੀ ਹੋਈ ਹੈ ਤੇ ਹਰ ਬੱਦਲੀ ਸਾਹ ਸੂਤਦੀ ਹੈ।