ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 23 ਜੂਨ
ਸਬ ਡਿਵੀਜ਼ਨ ਪੱਧਰ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਸੰਗਤ ਦਰਸ਼ਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਅਤੇ ਐੱਸਡੀਐੱਮ ਅਹਿਮਦਗੜ੍ਹ ਹਰਬੰਸ ਸਿੰਘ ਨੇ ਦੱਸਿਆ ਕਿ ਰੁਟੀਨ ਵਿੱਚ ਆਮ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਭਾਵੇਂ ਪਹਿਲਾਂ ਹੀ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਪਰ ਚੁਣੇ ਹੋਏ ਨੁਮਾਇੰਦਿਆਂ, ਪੰਚਾਂ, ਸਰਪੰਚਾਂ ਤੇ ਕੌਂਸਲਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਇਲਾਕਿਆਂ ਵਿੱਚ ਕੈਂਪ ਲਾ ਕੇ ਵੀ ਸਿੱਧੇ ਤੌਰ ’ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ। ਇਸ ਲੜੀ ਤਹਿਤ ਅੱਜ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਵੱਲੋਂ ਖੁਦ ਅਧਿਕਾਰੀਆਂ ਨਾਲ ਜਾ ਕੇ ਪਿੰਡ ਅੱਚਰਵਾਲ ਅਤੇ ਝੋਰੜਾਂ ਵਿੱਚ ਕੈਂਪ ਲਾਇਆ ਗਿਆ। ਇਸ ਦੌਰਾਨ ਪੀਣ ਵਾਲੇ ਪਾਣੀ ਦੀ ਸਪਲਾਈ, ਗੰਦੇ ਪਾਣੀ ਦਾ ਨਿਕਾਸ ਅਤੇ ਗਲੀਆਂ ਦੀ ਸਫ਼ਾਈ ਆਦਿ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਤੇ ਬਲਾਕ ਵਿਕਾਸ ਦਫ਼ਤਰ ਨਾਲ ਸਬੰਧਤ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ।