ਡੀ. ਪੀ. ਐੱਸ ਬੱਤਰਾ
ਸਮਰਾਲਾ, 15 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਸਮਰਾਲਾ ਦੇ ਨਵੇਂ ਐਲਾਨੇ ਹਲਕਾ ਇੰਚਾਰਜ ਦੇ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਅੱਜ ਇਥੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਰਜਿੰਦਰ ਸਿੰਘ ਲੋਪੋਂ ਦੀ ਅਗਵਾਈ ਵਿੱਚ ਇੱਕਠੇ ਹੋਏ ਅਕਾਲੀ ਆਗੂਆਂ, ਜਿਨ੍ਹਾਂ ਵਿੱਚ ਕਈ ਮੌਜੂਦਾ ਪੰਚ-ਸਰਪੰਚ, ਬਲਾਕ ਸਮਿਤੀ ਮੈਂਬਰਾਂ ਅਤੇ ਕੌਂਸਲਰਾਂ ਸਮੇਤ ਕਈ ਸਾਬਕਾ ਚੇਅਰਮੈਨ ਵੀ ਸ਼ਾਮਲ ਸਨ, ਨੇ ਪਾਰਟੀ ਨੂੰ ਆਪਣੇ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਇਨ੍ਹਾਂ ਆਗੂਆਂ ਦਾ ਆਖਣਾ ਸੀ ਕਿ ਪਾਰਟੀ ਟਕਸਾਲੀ ਅਕਾਲੀ ਆਗੂਆਂ ਨੂੰ ਖੁੱਡੇ ਲਾਈਨ ਲੱਗਾ ਕੇ ਅਜਿਹੇ ਪੈਸੇ ਵਾਲੇ ਨਵੇਂ ਚੇਹਰਿਆਂ ਨੂੰ ਅੱਗੇ ਲਿਆ ਰਹੀ ਹੈ, ਜਿਨ੍ਹਾਂ ਦੀ ਪਾਰਟੀ ਵਿੱਚ ਕੋਈ ਪ੍ਰਾਪਤੀ ਅਤੇ ਯੋਗਦਾਨ ਨਹੀਂ ਹੈ। ਇਸ ਮੌਕੇ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ 30 ਸਾਲ ਤੋਂ ਪਾਰਟੀ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ ਹੈ ਪਰ ਅੱਜ ਉਨ੍ਹਾਂ ਦੇ ਪਰਿਵਾਰ ਨੂੰ ਅੱਖੋਂ-ਪਰੋਖੇ ਕਰਕੇ ਇਕ ਅਜਿਹੇ ਵਿਅਕਤੀ ਨੂੰ ਹਲਕਾ ਇੰਚਾਰਜ ਲਾ ਦਿੱਤਾ, ਜਿਸ ਨੇ ਪਹਿਲਾਂ ਕਈ ਪਾਰਟੀਆਂ ਬਦਲੀਆਂ ਹਨ ਅਤੇ ਹੁਣ ਪੈਸੇ ਦੇ ਜ਼ੋਰ ’ਤੇ ਅਕਾਲੀ ਟਿਕਟ ’ਤੇ ਚੋਣ ਲੜਨ ਦਾ ਚਾਹਵਾਨ ਹੈ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਇਸ ਫੈਸਲੇ ’ਤੇ ਮੁੜ ਤੋਂ ਵਿਚਾਰ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ ਤੇ ਫੈਸਲਾ ਨਾ ਬਦਲਣ ’ਤੇ ਉਹ ਹਲਕੇ ਦੇ ਵਰਕਰਾਂ ਦੀ ਸਲਾਹ ’ਤੇ ਪਾਰਟੀ ਨਾਲੋਂ ਵੱਖ ਹੋ ਕੇ ਚੋਣ ਲੜਨ ਲਈ ਵੀ ਤਿਆਰ ਹਨ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਲੋਪੋਂ ਨੇ ਤਿੱਖੇ ਤੇਵਰ ਵਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਅਕਾਲੀ ਦਲ ਲਈ ਕੁਰਬਾਨੀਆਂ ਦਿੰਦੀਆਂ ਰਹਿ ਗਈਆਂ ਅਤੇ ਪਾਰਟੀ ਨੇ ਕਈ ਪਾਰਟੀਆਂ ਬਦਲਣ ਵਾਲੇ ਇਕ ਬਹੁਤ ਹੀ ਜੂਨੀਅਰ ਵਿਅਕਤੀ ਨੂੰ ਹਲਕੇ ਦੇ ਟਕਸਾਲੀ ਅਕਾਲੀ ਆਗੂਆਂ ਦੇ ਸਿਰ ’ਤੇ ਲਿਆ ਕੇ ਬਿਠਾ ਦਿੱਤਾ। ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਦਲ ਵਿੱਚ ਟਕਸਾਲੀ ਹੋਣ ਦਾ ਮਤਲਬ ਹੀ ਦਲ ਬਦਲੂ ਰਹਿ ਗਿਆ ਹੈ ਤਾਂ ਪਾਰਟੀ ਨੂੰ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ। ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਲੋਪੋਂ, ਆਲਮਦੀਪ ਸਿੰਘ ਮੱਲਮਾਜਰਾ, ਬਰਜਿੰਦਰ ਕੌਰ ਖੀਰਨੀਆਂ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ।
ਪਾਰਟੀ ਛੱਡਣ ਦੇ ਨਾਂ ’ਤੇ ਜਜ਼ਬਾਤੀ ਹੋਈ ਬੀਬੀ ਖੀਰਨੀਆਂ
ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬੀਬੀ ਬਲਜਿੰਦਰ ਕੌਰ ਖੀਰਨੀਆਂ ਤੋਂ ਜਦੋਂ ਕੁਝ ਪੱਤਰਕਾਰਾਂ ਨੇ ਪਾਰਟੀ ਛੱਡਣ ਬਾਰੇ ਸਵਾਲ ਪੁੱਛਿਆ ਤਾਂ ਉਹ ਇਕਦਮ ਜਜ਼ਬਾਤੀ ਹੋ ਗਏ ਅਤੇ ਪਾਰਟੀ ਛੱਡਣ ਦੇ ਨਾਂ ’ਤੇ ਗੱਲ ਕਰਦੇ ਹੋਏ ਉਨ੍ਹਾਂ ਦਾ ਗਲਾ ਵੀ ਭਰ ਆਇਆ। ਉਨ੍ਹਾਂ ਆਖਿਆ ਕਿ ਮਾਂ ਪਾਰਟੀ ਨੂੰ ਛੱਡਣਾ ਬਹੁਤ ਔਖਾ ਫੈਸਲਾ ਹੁੰਦਾ ਹੈ, ਪਰ ਪਾਰਟੀ ਨੇ ਹੁਣ ਉਨ੍ਹਾਂ ਲਈ ਕੋਈ ਦੂਜਾ ਬਦਲ ਹੀ ਨਹੀਂ ਛੱਡਿਆ। ਉਨ੍ਹਾਂ ਆਪਣੇ ਪਰਿਵਾਰ ਦੀ ਪਾਰਟੀ ਪ੍ਰਤੀ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਆਖਿਆ ਕਿ ਹਰ ਔਖੀ ਤੋਂ ਔਖੀ ਘੜੀ ਉਨ੍ਹਾਂ ਦੇ ਪਰਿਵਾਰ ਨੇ ਪਾਰਟੀ ਨਾਲ ਥੰਮ੍ਹ ਬਣ ਕੇ ਸਾਥ ਦਿੱਤਾ, ਪਰ ਅੱਜ ਹਾਲਾਤ ਇਹ ਹੋ ਗਏ ਹਨ ਕਿ ਪਾਰਟੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਬਜਾਏ ਸਿਰਫ ਪੈਸੇ ਵਾਲੇ ਦੀ ਹੀ ਪੁੱਛ ਰਹਿ ਗਈ ਹੈ।