ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਅਗਸਤ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਲਈ ਕਸਰਤ ਅਤੇ ਮਨੋਰੰਜਨ ਲਈ ਸਮਾਂ ਬਿਤਾਉਣ ਅਤੇ ਇਲਾਕਾ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਲਈ, ਭਾਈ ਰਣਧੀਰ ਸਿੰਘ ਨਗਰ ਦੇ ‘ਆਈ’ ਬਲਾਕ ’ਚ 2 ਏਕੜ ਦੇ ਖੇਤਰ ਵਿਚ ਇਕ ਲਈਅਰ ਵੈਲੀ ਅਤੇ ਐੱਲ ਬਲਾਕ ਵਿੱਚ ਇੱਕ ਖੂਬਸੂਰਤ ਪਾਰਕ ਬਣਾਇਆ ਜਾਵੇਗਾ। ਸ੍ਰੀ ਆਸ਼ੂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਲਈ ਜ਼ਮੀਨ ਲੁਧਿਆਣਾ ਨਗਰ ਸੁਧਾਰ ਟਰੱਸਟ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਸ੍ਰੀ ਆਸ਼ੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਸੁਬਰਾਮਨੀਅਮ ਨੇ ਦੋਵਾਂ ਥਾਂਵਾਂ ਦਾ ਦੌਰਾ ਕੀਤਾ ਅਤੇ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਸ੍ਰੀ ਆਸ਼ੂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਲਈ ਟੈਂਡਰ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ, ਕਿਉਂਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੀਆਂ ਪ੍ਰਵਾਨਗੀਆਂ ਪਾਸ ਹੋ ਗਈਆਂ ਹਨ। ਭਾਈ ਰਣਧੀਰ ਸਿੰਘ ਨਗਰ ਦੇ ਬਲਾਕ ‘ਆਈ’ ਦੇ ਲਈਅਰ ਵੈਲੀ ਵਿੱਚ ਸਵੇਰ-ਸ਼ਾਮ ਸੈਰ ਕਰਨ ਵਾਲਿਆਂ ਲਈ ਸਮਰਪਿਤ ਫੁੱਟਪਾਥ, ਬੈਡਮਿੰਟਨ ਅਤੇ ਬਾਸਕਟਬਾਲ ਕੋਰਟ, ਇੱਕ ਓਪਨ ਜਿਮ, ਬੱਚਿਆਂ ਲਈ ਸਵਿੰਗਜ਼, ਕੈਨੋਪੀਆ ਤੋਂ ਇਲਾਵਾ ਕਈ ਹੋਰ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ ਹੋਰ ਚਾਰ ਲਈਅਰ ਵੈਲੀ ਲੋਧੀ ਕਲੱਬ ਨੇੜੇ ਭਾਈ ਰਣਧੀਰ ਸਿੰਘ ਨਗਰ ਵਿੱਚ, ਡੀਏਵੀ ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਨੇੜੇ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਬਲਾਕ ਡੀ ਅਤੇ ਈ ਦੇ ਪਿੱਛੇ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਅਤੇ ਇਸ ਦੇ ਵਸਨੀਕਾਂ ਲਈ ਜੀਵਨ ਰੇਖਾ ਵਜੋਂ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਡੀਏਵੀ ਪਬਲਿਕ ਸਕੂਲ ਦੇ ਨੇੜੇ ਲਈਅਰ ਵੈਲੀ ਲਗਭਗ 1.5 ਕਿਲੋਮੀਟਰ ਲੰਬੀ ਹੈ। ਉਨ੍ਹਾਂ ਦੱਸਿਆ ਕਿ ਡੀਏਵੀ ਪਬਲਿਕ ਸਕੂਲ ਨੇੜੇ ਜ਼ਮੀਨ ਦੇ ਖਾਲੀ ਪਏ ਹਿੱਸੇ ਨੂੰ ਕੂੜੇ ਦੇ ਢੇਰ ਵਜੋਂ ਵਰਤਿਆ ਜਾ ਰਿਹਾ ਸੀ। ਇਹ ਜਗ੍ਹਾ ਪੂਰੀ ਤਰ੍ਹਾਂ ਨਾਲ ਸ਼ਹਿਰ ਦੀ ਇੱਕ ਵਧੀਆ ਲਈਅਰ ਵੈਲੀ ਵਿੱਚ ਤਬਦੀਲ ਹੋ ਗਈ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸਿੰਘ ਸੋਨੀ ਗਾਲਬਿ, ਇੰਦਰਜੀਤ ਸਿੰਘ ਇੰਦੀ, ਸੁਖਪ੍ਰੀਤ ਸਿੰਘ ਔਲਖ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ।