ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਅਗਸਤ
ਹਰਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਰਪ੍ਰਸਤੀ ਹੇਠ ਚੱਲ ਰਹੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਨਜ਼ਦੀਕੀ ਜੀਐੱਚਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਿੱਚ ‘ਭਾਰਤੀ ਨਿਆਂ ਸੰਹਿਤਾ’ ਵਿਸ਼ੇ ਬਾਰੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ। ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਨੇ ਸਮਾਗਮ ਦੇ ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਵੰਦਨਾ ਅਰੋੜਾ, ਚੇਅਰਪਰਸਨ ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਵਾਗਤ ਕੀਤਾ। ਲੈਕਚਰ ’ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਭੂਮਿਕਾ ਬਾਰੇ ਚਰਚਾ ਕੀਤੀ ਗਈ, ਜੋ 25 ਦਸੰਬਰ 2023 ਨੂੰ ਲਾਗੂ ਕੀਤਾ ਗਿਆ ਸੀ। ਭਾਰਤੀ ਦੰਡਾਵਲੀ 1860 (ਆਈਪੀਸੀ) ਨੂੰ ਨਵੇਂ ਦੰਡ ਸੰਹਿਤਾ ਦੇ ਤੌਰ ’ਤੇ ਰੱਦ ਕਰ ਕੇ ਬਦਲਿਆ ਗਿਆ ਜੋ ਦੇਸ਼ ’ਚ ਪਹਿਲੀ ਜੁਲਾਈ 2024 ਤੋਂ ਲਾਗੂ ਹੋਇਆ ਹੈ। ਭਾਰਤੀ ਨਿਆ ਸੰਹਿਤਾ 2023 ਬ੍ਰਿਟਿਸ਼ ਕਾਨੂੰਨਾਂ ਦਾ ਭਾਰਤੀਕਰਨ ਹੈ। ਪ੍ਰੋ. ਅਰੋੜਾ ਨੇ ਕਿਹਾ ਕਿ ਬੀਐੱਨਐੱਸ ’ਚ ਆਈਪੀਸੀ ਦੀਆਂ 511 ਧਾਰਾਵਾਂ ਦੇ ਉਲਟ ਸਿਰਫ਼ 358 ਧਾਰਾਵਾਂ ਹਨ ਜਿਨ੍ਹਾਂ ਦਾ ਉਦੇਸ਼ ਜੇਲ੍ਹਾਂ ’ਤੇ ਬੋਝ ਨੂੰ ਘਟਾਉਣਾ ਹੈ। ‘ਕਮਿਊਨਿਟੀ ਸਰਵਿਸ’ ਨੂੰ ਪਹਿਲੀ ਵਾਰ ਸਜ਼ਾ ਵਜੋਂ ਬੀਐੱਨਐੱਸ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਨੂੰ ਕਾਨੂੰਨੀ ਦਰਜਾ ਦਿੱਤਾ ਜਾ ਰਿਹਾ ਹੈ। ਸੰਗਠਿਤ ਅਪਰਾਧ, ਛੋਟੇ ਸੰਗਠਿਤ ਅਪਰਾਧ, ਆਰਥਿਕ ਅਪਰਾਧ ਤੇ ਅਤਿਵਾਦੀ ਕਾਨੂੰਨ ਨੂੰ ਨਵੇਂ ਅਪਰਾਧਾਂ ਵਜੋਂ ਜੋੜਿਆ ਗਿਆ ਹੈ।
ਸਮਾਗਮ ਦੇ ਅਖੀਰ ’ਚ ਡਾ. ਜਸਵਿੰਦਰ ਨੇ ਧੰਨਵਾਦ ਕੀਤਾ। ਇਸ ਮੌਕੇ ਫੈਕਲਟੀ ਇੰਚਾਰਜ ਡਾ. ਜਸਵਿੰਦਰ, ਡਾ. ਮਨਜੋਤ ਕੌਰ, ਡਾ. ਜਸਪਾਲ ਕੌਰ, ਡਾ. ਨੀਲਮ ਰਾਣੀ, ਪ੍ਰੋ. ਚਾਰੂ ਜੋਸ਼ੀ ਉਚੇਚੇ ਤੌਰ ’ਤੇ ਹਾਜ਼ਰ ਸਨ। ਮੰਚ ਸੰਚਾਲਨ ਬੀਏ ਐੱਲਐੱਲਬੀ (ਆਨਰਜ਼) ਨੌਵੇਂ ਸਮੈਸਟਰ ਦੀ ਸ਼ਾਇਨਾ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।