ਸਤਵਿੰਦਰ ਬਸਰਾ
ਲੁਧਿਆਣਾ, 21 ਫਰਵਰੀ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਸੂਬਾਈ ਕਮੇਟੀ ਦੇ ਸੱਦੇ ’ਤੇ ਭਾਰਤ ਨਗਰ ਚੌਕ ਦੇ ਬੱਸ ਸਟੈਂਡ ’ਤੇ ਮੋਦੀ ਹਕੂਮਤ ਖ਼ਿਲਾਫ਼ ਰੋਹ ਭਰਪੂਰ ਕਾਨਫਰੰਸ ਕੀਤੀ ਅਤੇ ਬਾਅਦ ਵਿੱਚ ਭਾਰਤ ਨਗਰ ਚੌਕ ਤੋਂ ਲੈ ਕੇ ਜਗਰਾਉਂ ਪੁਲ ਸਥਿਤ ਸ਼ਹੀਦਾਂ ਦੇ ਬੁੱਤ ਤੱਕ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਦੌਰਾਨ ਵਿਖਾਵਾਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਹੰਬਾਉਣ, ਦਬਕਾਉਣ ਅਤੇ ਕੁਚਲਣ ਦੀ ਨੀਤੀ ’ਤੇ ਚੱਲ ਰਹੀ ਮੋਦੀ ਦੀ ਫਾਸ਼ੀਵਾਦੀ ਹਕੂਮਤ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਤੇਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ’ਚ ਅੰਨਾ ਵਾਧਾ, ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਲੱਕਤੋੜ ਵਾਧਾ ਉਸ ਦੀ ਕਾਰਪੋਰੇਟ ਗੁਲਾਮੀ ਦਾ ਪ੍ਰਤੀਕ ਹੈ। ਅੱਜ ਦੇਸ਼ ਦੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਸਪਸ਼ਟ ਅਰਥ ਹੈ ਪੂਰੇ ਦੇਸ਼ ਦੇ ਕਾਰੋਬਾਰ, ਰੁਜ਼ਗਾਰ ਦਾ ਪੱਕਾ ਉਜਾੜਾ। ਅੱਜ ਦੇਸ਼ ਦੀਆਂ ਖੱਬੀਆਂ ਸ਼ਕਤੀਆਂ ਕਿਸਾਨਾਂ ਮਜ਼ਦੂਰਾਂ ਦੇ ਇਸ ਹੱਕੀ ਸੰਘਰਸ਼ ਦੇ ਨਾਲ ਚੱਟਾਨ ਵਾਂਗ ਖੜੀਆਂ ਹਨ। ਉਹ ਦੇਸ਼ ਨੂੰ ਉਜਾੜਨ ਅਤੇ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦੀ ਇਜਾਜ਼ਤ ਕਦੇ ਨਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਹਕੂਮਤੀ ਸਾਜਿਸ਼ ਤਹਿਤ ਲੀਹੋਂ ਲਾਹੁਣ ਦਾ ਕੋਝਾ ਯਤਨ ਕਿਸਾਨ ਮਜ਼ਦੂਰ ਏਕਤਾ ਨੇ ਪਛਾੜ ਦਿੱਤਾ ਹੈ। ਉਨ੍ਹਾਂ ਕਿਸਾਨਾਂ ਖ਼ਿਲਾਫ਼ ਝੂਠੇ ਪਰਚੇ ਰੱਦ ਕਰਨ, ਗ੍ਰਿਫ਼ਤਾਰ ਕਿਸਾਨ ਰਿਹਾਅ ਕਰਨ, ਮਜ਼ਦੂਰ ਆਗੂ ਨੌਦੀਪ ਕੌਰ ਨੂੰ ਰਿਹਾਅ ਕਰਨ, ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਰਿਹਾਅ ਕਰਨ, ਦਿੱਲੀ ਦੀਆਂ ਹੱਦਾਂ ’ਤੇ ਲਾਈਆਂ ਰੋਕਾਂ ਖਤਮ ਕਰਨ, ਜਮਹੂਰੀ ਹੱਕ ਬਹਾਲ ਕਰਨ, ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦਾ ਖਪਤਕਾਰਾਂ ’ਤੇ ਵੀ ਬਹੁਤ ਮਾੜਾ ਅਸਰ ਪੈਣ ਵਾਲਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਰੇ ਵਰਗਾਂ ਦੇ ਲੋਕ ਸ਼ਾਮਲ ਹੋਏ।