ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਕਤੂਬਰ
ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੇ ਇੱਕ ਵਫ਼ਦ ਨੇ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀਆਂ ਕੀਮਤਾਂ ਨੂੰ ਤਰਕਸੰਗਤ ਬਣਾਉਣ ਦੀ ਮੰਗ ਲਈ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਦੇ ਚੇਅਰਮੈਨ ਕਮਲੇਸ਼ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਸੀਨੀਅਰ ਮੀਤ ਪ੍ਰਧਾਨ ਡਾ. ਅਰੁਣ ਮਿੱਤਰਾ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਡਾ. ਗੁਰਵੀਰ ਸਿੰਘ, ਡਾ. ਸੂਰਜ ਢਿੱਲੋਂ ਅਤੇ ਡਾ. ਸੀਰਤ ਸੇਖੋਂ ਸ਼ਾਮਲ ਸਨ। ਆਗੂਆਂ ਨੇ ਦੱਸਿਆ ਕਿ ਉੱਚ ਵਪਾਰਕ ਮੁਨਾਫ਼ੇ ਕਾਰਨ ਦਵਾਈਆਂ ਦੀਆਂ ਬੇਤਹਾਸ਼ਾ ਕੀਮਤਾਂ ਲੋਕਾਂ ’ਤੇ ਮਾੜਾ ਪ੍ਰਭਾਵ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੈਨਰਿਕ (ਬ੍ਰਾਂਡੇਡ ਜੈਨਰਿਕ) ਦੇ ਮਾਮਲੇ ਵਿੱਚ ਵੀ ਦਵਾਈ ਦੀ ਮੂਲ ਕੀਮਤ ਅਤੇ ਐਮਆਰਪੀ ਵਿੱਚ ਬਹੁਤ ਜ਼ਿਆਦਾ ਫ਼ਰਕ ਹੁੰਦਾ ਹੈ, ਜੋ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ।
ਉਨ੍ਹਾਂ ਦੱਸਿਆ ਕਿ ਦਵਾਈਆਂ ਦੇ ਉੱਚ ਵਪਾਰਕ ਮੁਨਾਫ਼ੇ ਬਾਰੇ ਕਮੇਟੀ ਨੇ 9 ਦਸੰਬਰ 2015 ਨੂੰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਸੀ, ਜਿਸ ਤਹਿਤ ਕੁਝ ਮਾਮਲਿਆਂ ਵਿੱਚ ਮੁਨਾਫਾ 5000 ਫ਼ੀਸਦੀ ਤੱਕ ਪਾਇਆ ਗਿਆ ਸੀ। ਵਫ਼ਦ ਨੇ ਮੰਗ ਕੀਤੀ ਕਿ ਦਵਾਈਆਂ ਦੀ ਐਕਸ-ਫੈਕਟਰੀ ਕੀਮਤ ਉਤਪਾਦਨ ਵਿੱਚ ਆਈ ਲਾਗਤ ਦੇ ਆਧਾਰ ’ਤੇ ਕੀਤੀ ਜਾਣੀ ਚਾਹੀਦੀ ਹੈ, ਵਪਾਰਕ ਮੁਨਾਫ਼ੇ ਨੂੰ ਫੈਕਟਰੀ ਕੀਮਤ ਤੋਂ ਵੱਧ ਤੋਂ ਵੱਧ 30 ਫ਼ੀਸਦੀ ਤੱਕ ਸੀਮਤ ਕੀਤਾ ਜਾਵੇ, ਸਾਰੀਆਂ ਦਵਾਈਆਂ ਦੀ ਲਾਗਤ ਅਤੇ ਐਮਆਰਪੀ ਦੇ ਫਰਕ ਨੂੰ ਸਹਿਣਯੋਗ ਕੀਤਾ ਜਾਵੇ, ਸਾਰੀਆਂ ਬ੍ਰਾਂਡਡ ਦਵਾਈਆਂ ਸਿਰਫ਼ ਰਸਾਇਣਕ ਨਾਮ ਨਾਲ ਵੇਚੀਆਂ ਜਾਣ ਅਤੇ ਕਵਰ ’ਤੇ ਕੰਪਨੀ ਦਾ ਨਾਮ ਵੱਖਰੇ ਤੌਰ’’ਤੇ ਲਿਖਿਆ ਜਾਵੇ ਅਤੇ ਦਵਾਈਆਂ ਵਜੋਂ ਲੇਬਲ ਕੀਤੇ ਗਏ ਸਾਰੇ ਰਸਾਇਣਾਂ ਨੂੰ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ।