ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਯੂਨੀਅਨ ਅਗਲਾ ਪ੍ਰੋਗਰਾਮ ਉਲੀਕ ਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰੇਗੀ। ਅੱਜ ਇੱਥੇ ਕਿਸਾਨਾਂ ਦੇ ਇੱਕ ਵਫ਼ਦ ਨੇ ਏਡੀਸੀ ਰਾਹੁਲ ਚਾਬਾ ਨਾਲ ਮੁਲਾਕਾਤ ਕਰਕੇ ਨੂੰ ਲਟਕਦੀਆਂ ਮੰਗਾਂ ਅਤੇ ਕਿਸਾਨ ਮੁਸ਼ਕਲਾਂ ਬਾਰੇ ਮੰਗ ਪੱਤਰ ਦਿੱਤਾ। ਜਥੇਬੰਦੀ ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਅੱਗ ਲੱਗਣ ਕਾਰਨ ਨੁਕਸਾਨੀ ਕਣਕ ਦੀ ਫਸਲ ਦਾ ਮੁਆਵਜ਼ਾ ਨਾ ਮਿਲਣ ਅਤੇ ਕਿਸਾਨ ਲਹਿਰ ਦੌਰਾਨ ਪਿੰਡ ਧੁਦਿਆਲ ਦੇ ਜੋ ਜ਼ੇਰੇ ਇਲਾਜ ਕਿਸਾਨ ਦੀ ਮੌਤ ਦੇ ਮੁਆਵਜ਼ੇ ਬਾਰੇ ਅਤੇ ਹੋਰ ਮੰਗਾਂ ਦੱਸੀਆਂ ਗਈਆਂ ਹਨ। ਮੀਟਿੰਗ ਉਪਰੰਤ ਏਡੀਸੀ ਨੇ ਮੌਕੇ ’ਤੇ ਹੀ ਇਨ੍ਹਾਂ ਮੰਗਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਘਲੋਟੀ, ਹਾਕਮ ਸਿੰਘ ਜਰਗੜੀ, ਰਵਨਦੀਪ ਸਿੰਘ ਘਲੋਟੀ, ਲਖਵਿੰਦਰ ਸਿੰਘ ਉਕਸੀ, ਰਾਜਪਾਲ ਸਿੰਘ, ਕਮਲ ਸਿੰਘ ਗਿੱਦੜੀ ਤੇ ਜਸਵੰਤ ਸਿੰਘ ਹਾਜ਼ਰ ਸਨ।