ਸਤਵਿੰਦਰ ਬਸਰਾ
ਲੁਧਿਆਣਾ, 20 ਮਾਰਚ
ਬੁੱਢੇ ਨਾਲੇ ਦੀ ਪੁਨਰ ਸੁਰਜੀਤੀ ਲਈ ਵਾਤਾਵਰਨ ਸੰਭਾਲ ਸੁਸਾਇਟੀ ਦੇ ਸੰਸਥਾਪਕ ਜਗਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬੁੱਢੇ ਨਾਲੇ ਨੂੰ ਮੁੱਦਾ ਤਾਂ ਬਣਾਇਆ ਪਰ ਇਸ ਦੀ ਪੁਨਰਸੁਰਜੀਤੀ ਲਈ ਕੁਝ ਨਹੀਂ ਕੀਤਾ। ਅਕਾਲੀ-ਭਾਜਪਾ ਸਰਕਾਰ ਦਰਾਨ ਇਸ ਦੇ ਕਿਨਾਰਿਆਂ ਨੂੰ ਹਰਾ-ਭਰਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਪਰ ਇਹ ਵਿਚੋਂ ਹੀ ਦਮ ਤੋੜ ਗਈ। ਫੇਰ ਕਾਂਗਰਸ ਦੀ ਕੇਂਦਰ ਸਰਕਾਰ ਵਿੱਚ ਵਜ਼ੀਰ ਜੈ ਰਾਮ ਰਮੇਸ਼ ਵੀ ਇਸ ਨੂੰ ਸਾਫ ਕਰਨ ਲਈ ਬੈਕਟਿਰੀਆ ਛੱਡਣ ਆਏ ਪਰ ਉਸ ਦਾ ਵੀ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਮੁੱਖ ਮੰਤਰੀ ਨੂੰ ਪੱਤਰ ਰਾਹੀਂ ਦੱਸਿਆ ਕਿ ਜਦੋਂ ਬੁੱਢੇ ਨਾਲੇ ਦਾ ਰਸਾਇਣ ਵਾਲਾ ਪਾਣੀ ਅੱਗੋਂ ਸਤਲੁਜ ਵਿੱਚ ਮਿਲਦਾ ਹੈ ਤਾਂ ਉਹ ਸਿਰਫ ਅਗਲੇ ਵਹਾਉ ਦੇ ਖੇਤਰਾਂ ਨੂੰ ਹੀ ਪ੍ਰਦੂਸ਼ਿਤ ਨਹੀਂ ਕਰਦਾ ਸਗੋਂ ਜ਼ਮੀਨ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਇਸ ਦਾ ਖਮਿਆਜ਼ਾ ਪੂਰਾ ਮਾਲਵਾ ਖੇਤਰ ਵੱਖ-ਵੱਖ ਭਿਆਨਕ ਬਿਮਾਰੀਆਂ ਰਾਹੀਂ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਮਾਹਿਰਾਂ ਦੀ ਕਮੇਟੀ ਬਣਾ ਕੇ, ਪਿਛਲੀਆਂ ਰਿਪੋਰਟਾਂ ਦਾ ਅਧਿਐਨ ਕਰਕੇ ਦ੍ਰਿੜ੍ਹ ਇੱਛਾ ਦਿਖਾਵੇ ਤਾਂ ਉਕਤ ਬੁੱਢਾ ਨਾਲਾ ਦੁਬਾਰਾ ਆਪਣੀ ਪੁਰਾਣੀ ਦਿਖ ਵਿੱਚ ਆ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਬੁੱਢੇ ਨਾਲੇ ਵਿੱਚ ਆਸ-ਪਾਸ ਬਣੀਆਂ ਡਾਇੰਗਾਂ ਅਤੇ ਉਦਯੋਗਿਕ ਇਕਾਈਆਂ ਤੋਂ ਤੇਜ਼ਾਬੀ ਪਾਣੀ ਸੁੱਟਿਆ ਜਾ ਰਿਹਾ ਹੈ। ਡੇਅਰੀਆਂ ਦੀ ਰਹਿੰਦ-ਖੂੰਹਦ ਵੀ ਸਿੱਧੀ ਬੁੱਢੇ ਨਾਲੇ ਵਿੱਚ ਹੀ ਸੁੱਟੀ ਜਾ ਰਹੀ ਹੈ। ਇਹੋ ਵਜ੍ਹਾ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਰਹੇ।