ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਫਰਵਰੀ
ਮਾਂਗਟ ਕਾਨੂੰਨਗੋ ਅਧੀਨ ਪੈਂਦੇ ਸ਼ਹਿਰੀ ਇਲਾਕੇ ਸੈਦਾ, ਜੋਧੇਵਾਲ ਅਤੇ ਗਹਿਲੇਵਾਲ ਨੂੰ ਸਾਹਨੇਵਾਲ ਬਦਲੀ ਕਰਨ ’ਤੇ ਰੋਕ ਲਗਾਉਣ ਲਈ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਕੈਬਨਿਟ ਮੰਤਰੀ ਨੂੰ ਪੱਤਰ ਸੌਂਪਿਆ। ਇਸ ਪੱਤਰ ’ਚ ਸਾਬਕਾ ਕੌਂਸਲਰ ਅਤੇ ਮੌਜੂਦਾ ਕਾਂਗਰਸ ਆਗੂ ਸ੍ਰੀ ਗਰੇਵਾਲ ਨੇ ਦੱਸਿਆ ਕਿ ਮਾਂਗਟ ਕਾਨੂੰਨਗੋ ਅਧੀਨ ਪੈਂਦੇ ਉਕਤ ਇਲਾਕਿਆਂ ਦੀਆਂ ਰਜਿਸਟਰੀਆਂ ਟਰਾਂਸਪੋਰਟ ਨਗਰ ਲੁਧਿਆਣਾ ਸਬ-ਰਜਿਸਟਰਾਰ ਪੂਰਬੀ ਦਫ਼ਤਰ ਵਿੱਚ ਹੁੰਦੀਆਂ ਸਨ ਪਰ ਹੁਣ ਪਤਾ ਲੱਗਾ ਹੈ ਕਿ ਉਕਤ ਸਾਰੇ ਇਲਾਕਿਆਂ ਦੀਆਂ ਰਜਿਸਟਰੀਆਂ ਸਾਹਨੇਵਾਲ ਸਬ-ਰਜਿਸਟਰਾਰ ਦਫਤਰ ਹੋਇਆ ਕਰਨਗੀਆਂ।
ਸ੍ਰੀ ਗਰੇਵਾਲ ਨੇ ਦੱਸਿਆ ਕਿ ਸਾਹਨੇਵਾਲ ਉਕਤ ਇਲਾਕਿਆਂ ਤੋਂ ਕਿੰਨੇ ਹੀ ਕਿਲੋਮੀਟਰ ਦੂਰ ਪੈਂਦਾ ਹੈ ਜਿਸ ਕਰਕੇ ਇਸ ਪਾਸੇ ਰਹਿੰਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਇਹ ਰਜਿਸਟਰੀਆਂ ਪਹਿਲਾਂ ਦੀ ਤਰ੍ਹਾਂ ਸਬ-ਰਜਿਸਟਰਾਰ ਪੂਰਬੀ ਦੇ ਦਫਤਰ ਵਿੱਚ ਹੀ ਕੀਤੇ ਜਾਣ ਦੀ ਮੰਗ ਕੀਤੀ।