2.80 ਕਰੋੜ ਦਾ ਪ੍ਰਾਜੈਕਟ ਤਿੰਨ ਮਹੀਨਿਆਂ ’ਚ ਹੋਵੇਗਾ ਮੁਕੰਮਲ
ਖੇਤਰੀ ਪ੍ਰਤੀਨਧ
ਲੁਧਿਆਣਾ, 5 ਸਤੰਬਰ
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਰਾਭਾ ਨਗਰ ਇਲਾਕੇ ਵਿੱਚ ਲਈਅਰ ਵੈਲੀ ਦੇ ਮੁੜ ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕੰਮ 2.80 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ ਤਿੰਨ ਮਹੀਨਿਆਂ ਦੇ ਸਮੇਂ ਵਿੱਚ ਪੂਰਾ ਕੀਤਾ ਜਾਣਾ ਹੈ। ਉਨ੍ਹਾਂ ਨਾਲ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਡਾ. ਹਰੀ ਸਿੰਘ ਬਰਾੜ ਮੌਜੂਦ ਸਨ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਲਈਅਰ ਵੈਲੀ ਸਰਾਭਾ ਨਗਰ ਵਿੱਚ ਕਰੀਬ 18 ਸਾਲ ਪਹਿਲਾਂ ਵਿਕਸਤ ਕੀਤੀ ਗਈ ਸੀ ਅਤੇ ਇਲਾਕਾ ਨਿਵਾਸੀ ਬਹੁਤ ਲੰਮੇ ਸਮੇਂ ਤੋਂ ਇਸ ਦੇ ਨਵੀਨੀਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਗਪਗ 2.80 ਕਰੋੜ ਰੁਪਏ ਦੀ ਲਾਗਤ ਨਾਲ ਲੈਂਡਸਕੇਪਿੰਗ, ਸਿੰਚਾਈ ਪ੍ਰਣਾਲੀ ਦੇ ਨਵੀਨੀਕਰਨ, ਬਿਜਲੀ ਅਤੇ ਰੋਸ਼ਨੀ ਦੇ ਕੰਮ ਅਤੇ ਸਿਵਲ ਬੁਨਿਆਦੀ ਢਾਂਚੇ ਆਦਿ ਨਾਲ ਸਬੰਧਤ ਕੰਮ ਕੀਤੇ ਜਾਣਗੇ।
ਸ੍ਰੀ ਆਸ਼ੂ ਨੇ ਦੱਸਿਆ ਕਿ ਲਗਭਗ 4.74 ਕਰੋੜ ਰੁਪਏ ਦੀ ਲਾਗਤ ਨਾਲ ਸਿੱਧਵਾਂ ਨਹਿਰ ਵਾਟਰਫਰੰਟ ਪ੍ਰੋਜੈਕਟ (ਫਿਰੋਜ਼ਪੁਰ ਰੋਡ ਤੋਂ ਫਿਰੋਜ਼ਪੁਰ ਰੇਲਵੇ ਲਾਈਨ ਤਕ ਲਗਭਗ 1 ਕਿਲੋਮੀਟਰ ਲੰਬਾਈ) ਦਾ ਪਹਿਲਾ ਪੜਾਅ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਦੂਜੇ ਪੜਾਅ ਵਿੱਚ ਸਿੱਧਵਾਂ ਨਹਿਰ (ਪੱਖੋਵਾਲ ਰੋਡ ਤੋਂ ਦੁਗਰੀ ਰੋਡ ਤੱਕ) 1.6 ਕਿਲੋਮੀਟਰ ਲੰਬੀ, ਦੂਜਾ ਹਿੱਸਾ (ਜਵੱਦੀ ਪੁਲ ਤੋਂ ਦੁਗਰੀ ਰੋਡ ਤੱਕ) 5.06 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰੀਨ ਬੈਲਟ, ਦੋਵੇਂ ਪਾਸੇ ਸਮਰਪਿਤ ਸਾਈਕਲ ਟ੍ਰੈਕ, ਨਹਿਰ ਦੇ ਨਾਲ ਦੋਹਰੀ ਸੜਕ ਆਦਿ ਵਿਕਸਤ ਕੀਤੇ ਜਾ ਰਹੇ ਹਨ।
ਇਸ ਪ੍ਰੋਜੈਕਟ ਦੇ ਤੀਜੇ ਪੜਾਅ ਤਹਿਤ, ਦੁੱਗਰੀ ਰੋਡ ਤੋਂ ਧੂਰੀ ਲਾਈਨ ਤੱਕ ਇੱਕ ਵਾਟਰਫਰੰਟ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਲਗਭਗ 800 ਮੀਟਰ ਦਾ ਫਾਸਲਾ ਬੇਕਾਰ ਪਿਆ ਹੈ ਅਤੇ ਜਦੋਂ ਇੱਥੇ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਵਾਟਰਫ੍ਰੰਟ ਵਿਕਸਤ ਕੀਤਾ ਹੋ ਜਾਵੇਗਾ ਤਾਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੂੰ ਲਾਭ ਹੋਵੇਗਾ।
ਕੈਪਸ਼ਨ:ਸਰਾਭਾ ਨਗਰ ਲਈਅਰ ਵੈਲੀ ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਕਰਦੇ ਸ਼੍ਰੀ ਆਸ਼ੂ ਅਤੇ ਹੋਰ।