ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਸਤੰਬਰ
ਭਾਰਤੀ ਜੀਵਨ ਬੀਮਾ ਨਿਗਮ ਨੇ ਸ਼ਾਨਦਾਰ ਪ੍ਰਾਪਤੀਆਂ ਦੇ ਆਪਣੇ 64 ਸਾਲ ਦਾ ਸਫਰ ਪੂਰਾ ਕਰ ਕੇ ਨਿੱਜੀ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਨਿਗਮ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਆਰਐੱਲ ਜਗਿਆਲ ਨੇ ਅੱਜ ਇੱਥੇ ਦੱਸਿਆ ਕਿ ਪਿਛਲੇ 21 ਸਾਲਾਂ ਦੌਰਾਨ ਕਈ ਪ੍ਰਮੁੱਖ ਨਿੱਜੀ ਬੀਮਾ ਕੰਪਨੀਆਂ ਨੇ ਬੀਮਾ ਕਾਰੋਬਾਰ ਵਿੱਚ ਪ੍ਰਵੇਸ਼ ਕੀਤਾ ਹੈ ਪਰ ਇਸ ਦੇ ਬਾਵਜੂਦ ਭਾਰਤੀ ਜੀਵਨ ਬੀਮਾ ਨਿਗਮ 74-58 ਫ਼ੀਸਦੀ ਦੀ ਹਿੱਸੇਦਾਰੀ ਦੇ ਨਾਲ ਨੰਬਰ ਇਕ ’ਤੇ ਹੈ। ਉਨ੍ਹਾਂ ਦੱਸਿਆ ਕਿ ਬੀਮਾ ਨਿਗਮ ਕੋਲ ਕੁੱਲ 28 ਕਰੋੜ ਪਾਲਿਸੀ ਹੋਲਡਰ ਹਨ ਅਤੇ ਨਿਗਮ ਕੋਲ 34 ਲੱਖ ਕਰੋੜ ਤੋਂ ਵੱਧ ਦਾ ਲਾਈਫ ਫੰਡ ਹੈ ਜਦਕਿ 38 ਲੱਖ ਕਰੋੜ ਦੀ ਜਾਇਦਾਦ ਹੈ। ਉਨ੍ਹਾਂ ਦੱਸਿਆ ਕਿ ਬੀਮਾ ਨਿਗਮ ਨੇ 2020-21 ਦੌਰਾਨ 279 ਲੱਖ ਕਲੇਮਾਂ ਦਾ ਨਿਪਟਾਰਾ ਕਰਦੇ ਹੋਏ 1 ਲੱਖ 41 ਹਜ਼ਾਰ 755 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਜਦਕਿ 99 ਫ਼ੀਸਦੀ ਮੌਤ ਦੇ ਕਲੇਮਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਲੁਧਿਆਣਾ ਮੰਡਲ ਨੇ ਵੀ ਇਸ ਸਾਲ 1 ਲੱਖ 2 ਹਜਾਰ 356 ਨਵੀਆਂ ਪਾਲਿਸੀਆਂ ਜਾਰੀ ਕੀਤੀਆਂ ਹਨ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਇੱਕ ਇਤਿਹਾਸ ਸਿਰਜਿਆ ਹੈ।