ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਮਈ
ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸ਼ਾਇਰ ਨਸੀਮ ਦੇ ਗ੍ਰਹਿ ਮਾਛੀਵਾੜਾ ਵਿੱਚ ਸਭਾ ਦੇ ਪ੍ਰਧਾਨ ਟੀ.ਲੋਚਨ ਦੀ ਪ੍ਰਧਾਨਗੀ ਵਿਚ ਹੋਈ। ਇਕੱਤਰਤਾ ਵਿਚ ਸਭ ਤੋਂ ਪਹਿਲਾਂ ਵੱਖ-ਵੱਖ ਸ਼ੋਕ ਮਤਿਆਂ ਰਾਹੀਂ ਸਦੀਵੀ ਅਲਵਿਦਾ ਆਖ ਗਏ ਸਾਹਿਤਕਾਰਾਂ ਸਰਵ ਮਹਿੰਦਰ ਮਾਨੂੰਪੁਰੀ, ਨਰਿੰਜਨ ਸਾਥੀ, ਚੰਨੀ ਜੀ, ਦਰਸ਼ਨ ਗਿੱਲ, ਪ੍ਰੇਮ ਗੋਰਖੀ ਆਦਿ ਸ਼ਖ਼ਸੀਅਤਾਂ ਬਾਰੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਰੋਨਾ ਮਹਾਮਾਰੀ ਦੀਆਂ ਪ੍ਰਸਥਿਤੀਆਂ ਬਾਰੇ ਹਾਜ਼ਰ ਸਾਹਿਤਕਾਰਾਂ ਦੁਆਰਾ ਚਿੰਤਨ ਕੀਤਾ ਗਿਆ। ਰਚਨਾਵਾਂ ਦੇ ਦੌਰ ’ਚ ਵਨੀਤ ਘਈ ਨੇ ਕੁਝ ਸ਼ਿਅਰ, ਮਲਕੀਤ ਸਿੰਘ ਨੇ ਗ਼ਜ਼ਲ ‘ਪਹਿਲਾ ਕਦਮ ਪੁੱਟਣ ਦੇ ਸਦਕਾ ਲੰਮਾ ਪੈਂਡਾ ਸਰ ਹੁੰਦਾ ਏ’, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘ਬੱਸ ਸਰਕਾਰੀ’ ਅਤੇ ਸਾਹਿਤ ਸਭਾ ਬਹਿਰਾਮਪੁਰ ਤੋਂ ਆਏ ਅਜਮੇਰ ਸਿੰਘ ਨੇ ਕਵਿਤਾ ‘ਕ੍ਰਿਸ਼ਮਾ ਕੁਦਰਤ ਦਾ’ ਸਣਾਈ, ਖਰੜ ਤੋਂ ਆਏ ਹਰਨਾਮ ਸਿੰਘ ਡੱਲਾ ਨੇ ਗ਼ਜ਼ਲ ‘ਹਾਕਮ ਦੇ ਹੱਥ ਵਿੱਚ ਹੈ ਖੰਜਰ ਇਹ ਕੀ ਭਾਣਾ ਵਰਤ ਰਿਹਾ ਹੈ’ ਅਤੇ ਇੱਕ ਗੀਤ ਮਹਿਮਾਨ ਰਚਨਾ ਦੇ ਰੂਪ ਵਿਚ ਸੁਣਾਇਆ। ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ’ਤੇ ਹਾਜ਼ਰ ਸਾਹਿਤਕਾਰਾਂ ਵਲੋਂ ਉਸਾਰੂ ਚਰਚਾ ਕੀਤੀ ਗਈ।