ਲੁਧਿਆਣਾ: ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਸਿਵਲ ਲਾਈਨਜ਼, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਮੈਗਜ਼ੀਨ ਦੇ ਸੰਪਾਦਕੀ ਬੋਰਡ ਵੱਲੋਂ ਅੱਜ ਕਾਲਜ ਮੈਗਜ਼ੀਨ ‘ਨਵ ਰਣਜੀਤ 2024’ (ਬਾਬਾ ਫਰੀਦ ਵਿਸ਼ੇਸ਼ ਅੰਕ) ਲੋਕ ਅਰਪਿਤ ਕੀਤਾ ਗਿਆ। ਕਾਲਜ ਕੌਂਸਲ ਦੇ ਪ੍ਰਧਾਨ ਡਾ. ਐਸਪੀ ਸਿੰਘ ਅਤੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ ਦੀ ਸਰਪ੍ਰਸਤੀ ਹੇਠ ਕਰਵਾਏ ਇਸ ਸਮਾਗਮ ਵਿੱਚ ਸ਼ਾਹੀ ਇਮਾਮ ਲੁਧਿਆਣਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵੱਜੋਂ ਅਤੇ ਡਾ. ਸਰਬਜੋਤ ਕੌਰ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਡਾ. ਐਸਪੀ ਸਿੰਘ ਨੇ ਕਿਹਾ ਕਿ ਇਹ ਮੈਗਜ਼ੀਨ ਗੁਜਰਾਂਵਾਲਾ (ਪਾਕਿਸਤਾਨ) ਤੋਂ ਸ਼ੁਰੂ ਹੋਈ ਵਿਰਾਸਤ ਨੂੰ ਦਰਸਾਉਂਦਾ ਹੈ । ਡਾ. ਸੁਸ਼ਮਿੰਦਰਜੀਤ ਕੌਰ ਨੇ ਇਸ ਸਾਲ ਦੇ ਮੈਗਜ਼ੀਨ ਦੇ ਵਿਸ਼ੇ ’ਤੇ ਚਾਨਣਾ ਪਾਇਆ। -ਖੇਤਰੀ ਪ੍ਰਤੀਨਿਧ