ਸਮਰਾਲਾ (ਡੀਪੀਐੱਸ ਬੱਤਰਾ): ਇੱਥੇ ਅੱਜ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕਰੋਨਾ ਵੈਕਸੀਨ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਬੱਚਿਆਂ ਨੂੰ ਕਰੋਨਾ ਟੀਕਾ ਲਗਵਾਉਣ ਲਈ ਮਾਪਿਆਂ ਵੱਲੋਂ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਸਿਵਲ ਹਸਪਤਾਲ ਸਮਰਾਲਾ ਵਿੱਚ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਐੱਸਐੱਮਓ. ਡਾ. ਤਾਰਿਕਜੋਤ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਟੀਕਾਕਰਨ ਨੋਡਲ ਅਫ਼ਸਰ ਡਾ. ਪੱਲਵੀ ਮੈਨਨ ਦੀ ਨਿਗਰਾਨੀ ਹੇਠ ਟੀਕਾਕਰਨ ਸਟਾਫ਼ ਵੱਲੋਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਅੱਜ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਇਸ ਮੌਕੇ ਐੱਸਐੱਮਓ. ਡਾ. ਤਾਰਿਕਜੋਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਟੀਕਾਕਰਨ ਲਈ ਹਸਪਤਾਲ ਵਿੱਚ ਵਿਸ਼ੇਸ਼ ਪ੍ਰੰਬਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਬੱਚਿਆਂ ਦੇ ਅੱਜ ਪਹਿਲੀ ਡੋਜ਼ ਲਗਾਈ ਜਾ ਰਹੀ ਹੈ, ਇਨ੍ਹਾਂ ਨੂੰ 28 ਦਿਨਾਂ ਬਾਅਦ ਅਗਲੀ ਡੋਜ਼ ਲਗਾਈ ਜਾਵੇਗੀ। ਇਸ ਮੌਕੇ ਡਾ. ਤਾਰਿਕਜੋਤ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਲੋਕਾਂ ਦੀ ਕਰੋਨਾ ਟੀਕਾ ਲਗਵਾਉਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ।