ਪੱਤਰ ਪ੍ਰੇਰਕ
ਦੋਰਾਹਾ, 11 ਜਨਵਰੀ
ਕਰੋਨਾ ਦੇ ਵਧਦੇ ਮਾਮਲਿਆਂ ਸਬੰਧੀ, ਜਿੱਥੇ ਸਿਹਤ ਵਿਭਾਗ ਸਰਗਰਮ ਦਿਖਾਈ ਦੇ ਰਿਹਾ ਹੈ, ਉੱਥੇ ਹੀ ਲੋਕਾਂ ਵਿਚ ਵੀ ਵੈਕਸੀਨੇਸ਼ਨ ਨੂੰ ਲੈ ਕੇ ਹੋੜ ਲੱਗੀ ਹੋਈ ਹੈ। ਵਿਭਾਗ ਵੱਲੋਂ ਲਾਏ ਜਾ ਰਹੇ ਕੈਪਾਂ ਵਿਚ ਲੋਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਇਥੋਂ ਦੀ ਅਨਾਜ ਮੰਡੀ ਵਿਚ ਸਥਿਤ ਸਿਵਲ ਡਿਸਪੈਂਸਰੀ ਤੇ ਜੈਪੁਰਾ ਰੋਡ ’ਤੇ ਗੁਰਦੁਆਰਾ ਸੁੰਦਰ ਨਗਰ ਵਿੱਚ ਕੌਂਸਲਰ ਕਮਲਜੀਤ ਸਿੰਘ ਬਿੱਟੂ ਦੀ ਅਗਵਾਈ ਹੇਠਾਂ ਵੈਕਸੀਨੇਸ਼ਨ ਕੈਂਪ ਲਾਇਆ ਗਿਆ, ਜਿੱਥੇ 600 ਤੋਂ ਵਧੇਰੇ ਲੋਕਾਂ ਨੇ ਆਪਣੀ ਪਹਿਲੀ ਤੇ ਦੂਜੀ ਡੋਜ਼ ਲਗਵਾਈ। ਇੱਥੇ ਜ਼ਿਕਰਯੋਗ ਹੈ ਕਿ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਸੀ ਪਰ ਟੀਕਿਆਂ ਦੀ ਘਾਟ ਕਾਰਨ ਲੋਕਾਂ ਨੂੰ ਨਿਰਾਸ਼ ਮੁੜਨਾ ਪਿਆ। ਕੈਂਪ ਦੌਰਾਨ ਲੋਕ ਕਰੋਨਾ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਾਫ਼ ਦਿਖਾਈ ਦਿੱਤੇ। ਇਸ ਮੌਕੇ ਸਮਾਜ ਸੇਵੀ ਜਨਦੀਪ ਕੌਸ਼ਲ, ਸਾਬੂ ਸੇਠੀ, ਐਡਵੋਕੇਟ ਨਰਿੰਦਰ ਸਿੰਘ ਆਦਿ ਨੇ ਸਰਕਾਰ ਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਤੁਰੰਤ ਹੋਰ ਟੀਕੇ ਸਪਲਾਈ ਕੀਤੇ ਜਾਣ।