ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜਨਵਰੀ
ਥਾਣਾ ਸਲੇਮ ਟਾਬਰੀ ਦੇ ਇਲਾਕੇ ਬਹਾਦਰਕੇ ਰੋਡ ਸਥਿਤ ਇਕ ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਦੀ ਕੁੱਟਮਾਰ ਕਰਕੇ ਨਾਮਲੂਮ ਵਿਅਕਤੀ ਨਕਦੀ ਤੇ ਸ਼ਰਾਬ ਦੀਆਂ ਬੋਤਲਾਂ ਲੁੱਟ ਕੇ ਫ਼ਰਾਰ ਹੋ ਗਏ। ਠੇਕੇ ਦੇ ਕਰਿੰਦੇ ਮਹਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਠੇਕਾ ਬੰਦ ਕਰਕੇ ਆਪਣੇ ਸਾਥੀ ਸੰਦੀਪ ਕੁਮਾਰ ਨਾਲ ਸੀ ਤਾਂ 3-4 ਜਣਿਆਂ ਨੇ ਉਸ ਤੋਂ ਸ਼ਰਾਬ ਦੀ ਮੰਗ ਕੀਤੀ। ਜਦੋਂ ਉਸ ਠੇਕਾ ਬੰਦ ਹੋਣ ਬਾਰੇ ਦੱਸਿਆ ਤਾਂ ਉਹ ਗਾਲੀ ਗਲੋਚ ਕਰਦਿਆਂ ਜ਼ਬਰੀ ਠੇਕੇ ਅੰਦਰ ਦਾਖ਼ਲ ਹੋ ਗਏ ਅਤੇ ਦੋਹਾਂ ਦੀ ਕੁੱਟਮਾਰ ਕਰਦਿਆਂ ਗੱਲੇ ਵਿੱਚ ਪਏ 1700 ਰੁਪਏ ਤੇ 3 ਬੋਤਲਾਂ ਗ੍ਰੀਨ ਵੋਦਕਾ ਸ਼ਰਾਬ ਦੀਆਂ ਲੁੱਟ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਤਫ਼ਤੀਸ਼ ਦੌਰਾਨ ਅਸ਼ੋਕ ਕੁਮਾਰ ਵਾਸੀ ਅਮਨ ਨਗਰ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।