ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਦਸੰਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਜਗਰਾਉਂ) ਦੀ ਹੱਕੀ ਮੰਗਾਂ ਅਤੇ ਤਰੱਕੀਆਂ ਦੇ ਮੁੱਦੇ ਨੂੰ ਲੈ ਅਹਿਮ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਮਨਜਿੰਦਰ ਚੀਮਾ ਅਤੇ ਜਨਰਲ ਸਕੱਤਰ ਦਵਿੰਦਰ ਸਿੱਧੂ ਦੀ ਹਾਜ਼ਰੀ ’ਚ ਹੋਈ।
ਮੀਟਿੰਗ ਬਾਰੇ ਚਾਨਣਾ ਪਾਉਂਦੇ ਦੋਵਾਂ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨਾਲ ਪ੍ਰਾਇਮਰੀ ਕੇਡਰ ਤਰੱਕੀਆਂ ਸਬੰਧੀ ਜੋ ਦਾਅਵੇ ਕੀਤੇ ਜਾ ਰਹੇ ਹਨ, ਅਸਲ ਵਿੱਚ ਉਹ ਇੱਕ ਮਜ਼ਾਕ ਤੋਂ ਵੱਧ ਕੁੱਝ ਵੀ ਨਹੀਂ ਹੈ। ਸਿੱਖਿਆ ਮੰਤਰੀ ਪ੍ਰਗਟ ਸਿੰਘ ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਆਖਿਆ ਕਿ ਮੰਤਰੀ ਦਿੱਲੀ ਸਰਕਾਰ ਨਾਲ ਪੰਜਾਬ ਦੇ ਸਿੱਖਿਆ ਤੰਤਰ ਦੇ ਮੁਕਾਬਲੇ ਦੀਆਂ ਉਦਾਹਰਨਾਂ ਦੇ ਰਹੇ ਹਨ। ਦੂਸਰੇ ਪੱਖ ’ਚ ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਦੀ ਤਰੱਕੀ ਲਈ ਅਧਿਆਪਕਾਂ ਨੂੰ ਮੁਹਾਲੀ ਸੱਦਿਆ ਜਾ ਰਿਹਾ ਹੈ।
ਹਿਸਾਬ ਵਿਸ਼ੇ ਵਾਲੀ ਲਿਸਟ ’ਚ ਉਨ੍ਹਾਂ ਦੇ ਨਾਮ ਪਾਏ ਗਏ ਹਨ, ਜਿਨ੍ਹਾਂ ਨੇ ਸਿਰਫ ਦਸਵੀਂ ਤੱਕ ਹੀ ਹਿਸਾਬ (ਗਣਿਤ) ਦੀ ਪੜ੍ਹਾਈ ਕੀਤੀ ਹੈ ਅਤੇ ਬੀ.ਐੱਡ ’ਚ ਉਨ੍ਹਾਂ ਨੇ ਗਣਿਤ ਦਾ ਵਿਸ਼ਾ ਲਿਆ ਹੀ ਨਹੀਂ। ਇਸੇ ਤਰ੍ਹਾਂ ਵਿਗਿਆਨ, ਪੰਜਾਬੀ, ਹਿੰਦੀ ਵਿਸ਼ਿਆਂ ’ਚ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਗਲਤੀਆਂ ਦੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸੂਬੇ ਦਾ ਮੁਲਾਜ਼ਮ ਨਾਰਾਜ਼ ਹੈ ਤੇ ਸੰਘਰਸ਼ ਜਾਰੀ ਰੱਖੇਗਾ।