ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਾਰਚ
ਪੰਜਾਬ ਵਿਧਾਨ ਸਭਾ ਦੀਆਂ ਲੁਧਿਆਣਾ ਜ਼ਿਲ੍ਹੇ ਦੀਆਂ 13 ਸੀਟਾਂ ’ਤੇ ‘ਆਪ’ ਜੇਤੂ ਰਹੀ। 13 ਸੀਟਾਂ ’ਚੋਂ ਜ਼ਿਆਦਾ ਵਿਧਾਇਕ ਬਣਨ ਵਾਲੇ ਕਿਸੇ ਨਾ ਕਿਸੇ ਰਵਾਇਤੀ ਪਾਰਟੀ ’ਚੋਂ ਆਏ ਹੋਏ ਹਨ। ਉਨ੍ਹਾਂ ਨੂੰ ਰਵਾਇਤੀ ਪਾਰਟੀਆਂ ਨੇ ਗਲ ਨਹੀਂ ਲਾਇਆ ਤਾਂ ਉਹ ਨਵੀਂ ਪਾਰਟੀ ’ਚ ਆ ਕੇ ਵਿਧਾਇਕ ਬਣ ਗਏ।
ਹਲਕਾ ਪੱਛਮੀ ਤੋਂ ਗੁਰਪ੍ਰੀਤ ਸਿੰਘ ਬੱਸੀ ਗੋਗੀ ਕਿਸੇ ਸਮੇਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਸਾਥੀਆਂ ’ਚੋਂ ਇੱਕ ਸਨ। ਚਾਰ ਵਾਰ ਦੇ ਕੌਂਸਲਰ ਗੁਰਪ੍ਰੀਤ ਸਿੰਘ ਗੋਗੀ ਨੂੰ ਕੈਪਟਨ ਸਰਕਾਰ ’ਚ ਸਨਅਤ ਦੀ ਚੇਅਰਮੈਨੀ ਵੀ ਮਿਲੀ, ਪਰ ਭਾਰਤ ਭੂਸ਼ਣ ਆਸ਼ੂ ਨਾਲ ਉਨ੍ਹਾਂ ਦਾ ਗਿਲਾ ਸ਼ਿਕਵਾ ਹੋਣ ਲੱਗਿਆ। ਗੋਗੀ ਨੇ ਕਾਂਗਰਸ ਪਾਰਟੀ ਦੀ ਹਲਕਾ ਦੱਖਣੀ ਤੋਂ ਟਿਕਟ ਵੀ ਮੰਗੀ ਸੀ ਪਰ ਮਿਲੀ ਨਹੀਂ। ਉਧਰ, ਆਸ਼ੂ ਤੋਂ ਦੂਰੀਆਂ ਵਧਦੇ ਹੀ ਉਨ੍ਹਾਂ ਨੇ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ ਤੇ ਟਿਕਟ ਵੀ ਮਿਲ ਗਈ। ਉਹ ਕਾਂਗਰਸ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਵਿਧਾਇਕ ਬਣ ਗਏ। ਹਲਕਾ ਆਤਮ ਨਗਰ ਤੋਂ ਵਿਧਾਇਕ ਬਣੇ ਕੁਲਵੰਤ ਸਿੰਘ ਸਿੱਧੂ ਪਿਛਲੀਆਂ ਦੋ ਵਿਧਾਨ ਸਭਾ ’ਚ ਕਾਂਗਰਸ ਤੋਂ ਆਤਮ ਨਗਰ ਹਲਕੇ ਦੀ ਟਿਕਟ ਮੰਗ ਰਹੇ ਸਨ ਜੋ ਮਿਲੀ ਨਹੀਂ। ਕਮਲਜੀਤ ਸਿੰਘ ਕੜਵਲ ਨੂੰ ਟਿਕਟ ਐਲਾਨਣ ਮਗਰੋਂ ਸਿੱਧੂ ‘ਆਪ’ ਵਿਚ ਸ਼ਾਮਲ ਹੋ ਗਏ ਸਨ। ਹਲਕਾ ਆਤਮ ਨਗਰ ਤੋਂ ਸਿੱਧੂ ਨੇ ਬੈਂਸ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਹਲਕਾ ਕੇਂਦਰੀ ਦੇ ਨਵੇਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਕਾਂਗਰਸ ਦੇ ਵਿਧਾਇਕ ਰਹੇ ਸ਼ਹੀਦ ਸਤਪਾਲ ਪਰਾਸ਼ਰ ਦੇ ਭਰਾ ਹਨ। ਅਸ਼ੋਕ ਪਰਾਸ਼ਰ ਪੱਪੀ 2012 ’ਚ ਕਾਂਗਰਸ ਦੀ ਟਿਕਟ ’ਤੇ ਦੱਖਣੀ ਹਲਕੇ ਤੋਂ ਚੋਣ ਲੜ ਚੁੱਕੇ ਹਨ, ਪਰ ਹਾਰ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ‘ਆਪ’ ਵਿਚ ਸ਼ਮੂਲੀਅਤ ਕੀਤੀ, ਪਰ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਵਾਪਸ ਲੈ ਆਏ। ਇਸ ਵਾਰ ਉਨ੍ਹਾਂ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਤੇ ਉਨ੍ਹਾਂ ਨੂੰ ਟਿਕਟ ਵੀ ਮਿਲ ਗਈ ਤੇ ਜਿੱਤ ਵੀ ਮਿਲ ਗਈ।
ਹਲਕਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਪਹਿਲਾਂ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ। ਉਹ ਕਾਂਗਰਸ ਤੇ ਫਿਰ ਬਾਅਦ ’ਚ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। 2012 ’ਚ ਉਹ ਆਜ਼ਾਦ ਤੌਰ ’ਤੇ ਵਿਧਾਨ ਸਭਾ ਚੋਣਾਂ ਲੜੇ ਤੇ ਹਾਰ ਗਏ। ਉਸ ਤੋਂ ਬਾਅਦ ਉਹ ਫਿਰ 2017 ’ਚ ਇੱਕ ਵਾਰ ਵਿਧਾਨ ਸਭਾ ਚੋਣ ਆਜ਼ਾਦ ਲੜੇ ਅਤੇ ਹਾਰ ਗਏ। ਕਰੀਬ ਤਿੰਨ ਮਹੀਨੇ ਪਹਿਲਾਂ ਉਨ੍ਹਾਂ ‘ਆਪ’ ਵਿਚ ਸ਼ਮੂਲੀਅਤ ਕੀਤੀ ਤੇ ਟਿਕਟ ਹਾਸਲ ਕਰ ਕੇ ਉਨ੍ਹਾਂ ਕਾਂਗਰਸ ਦੇ ਰਾਕੇਸ਼ ਪਾਂਡੇ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਹਲਕਾ ਸਾਹਨੇਵਾਲ ਦੇ ਕਾਂਗਰਸੀ ਆਗੂ ਹਰਦੀਪ ਸਿੰਘ ਮੁੰਡੀਆਂ ਨੇ ਵੀ ਕੁਝ ਦਿਨ ਪਹਿਲਾਂ ਹੀ ‘ਆਪ’ ’ਚ ਸ਼ਮੂਲੀਅਤ ਕੀਤੀ ਸੀ। ਉਹ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਹਰਾਉਣ ’ਚ ਕਾਮਯਾਬ ਰਹੇ। ਹਲਕਾ ਰਾਏਕੋਟ ਦੇ ਹਾਕਮ ਸਿੰਘ ਠੇਕੇਦਾਰ ਕਦੇ ਕੱਟੜ ਕਾਂਗਰਸੀ ਸਨ ਤੇ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਨ। ਕਾਂਗਰਸ ਦੀ ਟਿਕਟ ਨਾ ਮਿਲਣ ’ਤੇ ਉਹ ‘ਆਪ’ ’ਚ ਚਲੇ ਗਏ ਤੇ ਟਿਕਟ ਮਿਲਣ ’ਤੇ ਉਨ੍ਹਾਂ ਨੇ ਜਿੱਤ ਹਾਸਲ ਕੀਤੀ।
ਤੇਰਾਂ ਵਿਚੋਂ ਸੱਤ ਵਿਧਾਇਕ ਕਾਂਗਰਸ ਤੇ ਅਕਾਲੀ ਦਲ ’ਚ ਆਏ
13 ਨਵੇਂ ਬਣੇ ਵਿਧਾਇਕਾਂ ’ਚੋਂ ਸੱਤ ਜਾਂ ਤਾਂ ਕਾਂਗਰਸ ’ਚੋਂ ਆਏ ਹਨ ਜਾਂ ਫਿਰ ਅਕਾਲੀ ਦਲ ’ਚੋਂ। ਇਨ੍ਹਾਂ ’ਚੋਂ ਕਈਆਂ ਨੇ ਆਪਣੀ ਪਾਰਟੀ ਹਾਈਕਮਾਨ ਤੋਂ ਟਿਕਟ ਮੰਗੀ ਸੀ, ਪਰ ਟਿਕਟ ਨਾ ਮਿਲਣ ’ਤੇ ਉਹ ‘ਆਪ’ ਵਿਚ ਸ਼ਾਮਲ ਹੋ ਗਏ ਸਨ।