ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਫਰਵਰੀ
ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਦੇ ਵਸਨੀਕਾਂ ਨੂੰ ਸਵੱਛਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ 89 ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਕਮਿਊਨਿਟੀ ਕੰਪਲੈਕਸ 2.67 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਕੰਪਲੈਕਸ ਪਿੰਡਾਂ ਵਿੱਚ ਢੁੱਕਵੀਆਂ ਥਾਵਾਂ ‘ਤੇ ਬਣਾਏ ਜਾਣਗੇ, ਜਿੱਥੇ ਹਰ ਕੋਈ ਆਸਾਨੀ ਨਾਲ ਇਨ੍ਹਾਂ ਦਾ ਇਸਤੇਮਾਲ ਕਰ ਸਕੇ, ਜਿਸ ਵਿੱਚ ਹੱਥ ਧੋਣ ਦਾ ਪ੍ਰਬੰਧ ਵੀ ਹੋਵੇਗਾ। ਇਸ ਤੋਂ ਇਲਾਵਾ, ਰਾਹਗੀਰਾਂ ਅਤੇ ਜਨਤਕ ਇਕੱਠਾਂ ਵਿਚ ਹਿੱਸਾ ਲੈਣ ਵਾਲੇ ਲੋਕ ਵੀ ਇਸ ਦੀ ਵਰਤੋਂ ਕਰ ਸਕਣਗੇੇ, ਜਿਸ ਨਾਲ ਖੁੱਲ੍ਹੇ ਵਿਚ ਪਖਾਨਾ ਕਰਨ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਕੰਪਲੈਕਸ ਇਸ ਲਈ ਵੀ ਮਹੱਤਵਪੂਰਨ ਹਨ ਕਿ ਇਸ ਨਾਲ ਸਿਹਤ, ਸਮਾਜਿਕ ਰੁਤਬਾ ਤੇ ਸੁਰੱਖਿਆ ਬਣਾਈ ਰੱਖਣ ਵਿੱਚ ਵੀ ਸਹਿਯੋਗ ਦੇ ਨਾਲ-ਨਾਲ ਸਿਹਤ ਵਿੱਚ ਸੁਧਾਰ ਅਤੇ ਮੌਤ ਦਰ ਵੀ ਘਟਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਖਾਨੇ ਵਰਤਣ ਦੀ ਜ਼ਰੂਰਤ ਪ੍ਰਤੀ ਜਾਗਰੂਕ ਕਰਨ ਅਤੇ ਪਿੰਡ ਵਿਚ ਖੁੱਲ੍ਹੇ ਵਿਚ ਸ਼ੋਚ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰਭਾਵਸ਼ਾਲੀ ਸੰਕੇਤ ਜਿਵੇਂ ਕੰਧ ਚਿੱਤਰਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖੰਨਾ ਨੇੜੇ ਪਿੰਡ ਰਾਏਪੁਰ ਰਾਜਪੂਤਾਂ ਵਿਚ ਅਜਿਹੇ ਕੰਪਲੈਕਸ ਦਾ ਕੰਮ ਅਗਲੇ ਦਿਨਾਂ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਚ 2022 ਤੱਕ ਸੂਬੇ ਦੇ ਸਾਰੇ ਪੇਂਡੂ ਘਰਾਂ ਵਿੱਚ 100 ਫੀਸਦ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਟੀਚੇ ਨੂੰ ਪੂਰਾ ਕਰਨ ਲਈ ‘ਹਰ ਘਰ ਪਾਣੀ, ਹਰ ਘਰ ਸਫਾਈ’ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ ਪੰਜਾਬ ਇਹ ਮਾਣ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।