ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਜ਼ਿਲ੍ਹੇ ਵਿੱਚ ਭਾਵੇਂ ਕਰੋਨਾ ਦੇ ਕੇਸ ਪਿਛਲੇ ਕੁਝ ਦਿਨਾਂ ਤੋਂ ਵਧਦੇ ਆ ਰਹੇ ਹਨ ਪਰ ਲੋਕ ਬਿਨਾਂ ਡਰ ਤੋਂ ਬਾਜ਼ਾਰਾਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਟਹਿਲਦੇ ਨਜ਼ਰ ਆਏ। ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਵੀ ਉਨ੍ਹਾਂ ਨੂੰ ਕੋਈ ਪ੍ਰਵਾਹ ਦਿਖਾਈ ਨਹੀਂ ਦੇ ਰਹੀ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਕਰੋਨਾ ਦੇ ਆਏ ਨਵੇਂ 38 ਕੇਸਾਂ ਵਿੱਚੋਂ 29 ਜ਼ਿਲ੍ਹਾ ਲੁਧਿਆਣਾ ਨਾਲ ਜਦਕਿ 9 ਕੇਸ ਬਾਹਰਲੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਐੱਸਪੀ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਲਈ ਅੱਜ ਵੀ 3808 ਸੈਂਪਲ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ’ਚ ਆਪਸੀ ਦੂਰੀ ਬਣਾ ਕੇ ਰੱਖਣ, ਦਸਤਾਨੇ ਪਾਉਣ, ਸਮੇਂ-ਸਮੇਂ ’ਤੇ ਹੱਥ ਸਾਫ ਕਰਦੇ ਰਹਿਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਲੋਕਾਂ ਵੱਲੋਂ ਇਨ੍ਹਾਂ ਹਦਾਇਤਾਂ ਨੂੰ ਅਣਗੌਲਿਆਂ ਕਰਕੇ ਸ਼ਹਿਰਾਂ ਵਿੱਚ ਪਹਿਲਾਂ ਹੀ ਤਰ੍ਹਾਂ ਭੀੜ ਕੀਤੀ ਜਾ ਰਹੀ ਹੈ। ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਸਥਾਨਕ ਚੌੜਾ ਬਾਜ਼ਾਰ, ਘੁਮਾਰ ਮੰਡੀ, ਫੀਲਡ ਗੰਜ, ਪੁਰਾਣੀ ਸਬਜ਼ੀ ਮੰਡੀ, ਘੰਟਾ ਘਰ, ਦਾਲ ਬਾਜ਼ਾਰ, ਸਰਾਫਾ ਬਾਜ਼ਾਰ, ਸ਼ਿੰਗਾਰ ਸਿਨੇਮਾ ਰੋਡ, ਕੋਚਰ ਮਾਰਕੀਟ, ਜਵਾਹਰ ਨਗਰ ਕੈਂਪ ਆਦਿ ਬਾਜ਼ਾਰਾਂ ਵਿੱਚ ਆਮ ਦਿਨਾਂ ਤੋਂ ਕਿਤੇ ਵੱਧ ਭੀੜ ਦੇਖੀ ਗਈ। ਲੋਕ ਬਿਨਾਂ ਮਾਸਕ ਅਤੇ ਬਿਨਾਂ ਦੂਰੀ ਬਣਾਏ ਆਮ ਜਾਂਦੇ ਦੇਖੇ ਗਏ।