ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਮਈ
ਸ਼ਹਿਰ ਦੇ ਰੈਸਟੋਰੈਂਟ ਅਤੇ ਢਾਬੇ ਹੁਣ ਰਾਤ 11 ਵਜੇ ਦੀ ਥਾਂ 12 ਵਜੇ ਬੰਦ ਹੋਣਗੇ। ਇਹ ਐਲਾਨ ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਨੇ ਕੀਤਾ। ਦੇਰ ਰਾਤ ਨੂੰ ਹੋਣ ਵਾਲੀ ਕੁੱਟਮਾਰ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲੀਸ ਕਮਿਸ਼ਨਰ ਵੱਲੋਂ ਰਾਤ 11 ਵਜੇ ਸ਼ਹਿਰ ਦੇ ਰੈਸਟੋਰੈਂਟ ਅਤੇ ਢਾਬੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਤੇ ਅਸ਼ੋਕ ਪਰਾਸ਼ਰ ਪੱਪੀ ਨੇ ਬੀਤੇ ਦਿਨੀਂ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕਰ ਰੈਸਟੋਰੈਂਟ ਤੇ ਢਾਬਿਆਂ ਨੂੰ ਬੰਦ ਕਰਨ ਦਾ ਸਮਾਂ ਰਾਤ 12 ਵਜੇ ਤੱਕ ਕਰਨ ਦੀ ਮੰਗ ਕੀਤੀ ਸੀ, ਜਿਸਨੂੰ ਪੁਲੀਸ ਕਮਿਸ਼ਨਰ ਨੇ ਮੰਨ ਲਿਆ। ਦਰਅਸਲ, ਦੇਰ ਰਾਤ ਨੂੰ ਰੈਸਟੋਰੈਂਟ ਅਤੇ ਢਾਬੇ ਖੁੱਲ੍ਹੇ ਰਹਿਣ ਦੌਰਾਨ ਕਈ ਕੁੱਟਮਾਰ ਦੀਆਂ ਵਾਰਦਾਤਾਂ ਵਾਪਰੀਆਂ ਹਨ। ਇਸ ਦੇ ਨਾਲ-ਨਾਲ ਦੇਰ ਰਾਤ ਨੂੰ ਕਈ ਲੁੱਟ ਦੀਆਂ ਵਾਰਦਾਤਾਂ ਵੀ ਹੋਈਆਂ ਸਨ ਜਿਸ ਕਾਰਨ 11 ਵਜੇ ਰੈਸਟੋਰੈਂਟ ਅਤੇ ਢਾਬੇ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਹੁਣ ਰੈਸਟੋਰੈਂਟ ਤੇ ਢਾਬੇ ਵਾਲੇ ਮੰਗ ਕਰ ਰਹੇ ਸਨ ਕਿ ਇੱਕ ਘੰਟਾ ਉਨ੍ਹਾਂ ਨੂੰ ਹੋਰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਦੱਸਣਯੋਗ ਹੈ ਕਿ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਾਫ਼ੀ ਸਮੇਂ ਤੋਂ ਰੈਸਟੋਰੈਂਟ ਤੇ ਢਾਬੇ ਵਾਲਿਆਂ ਨਾਲ ਮੀਟਿੰਗ ਕੀਤੀ ਸੀ ਤੇ ਭਰੋਸਾ ਦਿਵਾਇਆ ਸੀ ਕਿ ਉਹ ਇਸ ਬਾਰੇ ’ਚ ਪੁਲੀਸ ਕਮਿਸ਼ਨਰ ਨੂੰ ਮਿਲਣਗੇ। ਹਾਲਾਂਕਿ ਪਹਿਲਾਂ ਵਿਧਾਇਕ ਗੋਗੀ ਨੇ ਤਾਂ ਇੱਕ ਮਈ ਤੋਂ ਰੈਸਟੋਰੈਂਟ ਤੇ ਢਾਬੇ 12 ਵਜੇ ਤੱਕ ਖੋਲ੍ਹਣ ਦੀ ਗੱਲ ਵੀ ਕਹਿ ਦਿੱਤੀ ਸੀ, ਪਰ ਪੁਲੀਸ ਕਮਿਸ਼ਨਰ ਨੇ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਫਿਰ ਮੁਲਾਕਾਤ ਹੋਈ ਤੇ ਹੁਣ ਇੱਕ ਘੰਟੇ ਦਾ ਸਮਾਂ ਵਧਾਇਆ ਗਿਆ ਹੈ, ਜਿਸ ਨਾਲ ਰੈਸਟੋਰੈਂਟ ਤੇ ਢਾਬੇ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ।