ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਲੁਧਿਆਣਾ ਵਿੱਚ 18 ਸਾਲ ਤੋਂ ਵੱਧ ਉਮਰ ਦੇ ਕਰੋਨਾ ਵੈਕਸੀਨ ਲਵਾਉਣ ਵਾਲਿਆਂ ਦੀ ਗਿਣਤੀ 30 ਲੱਖ ਤੋਂ ਪਾਰ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਅਗਲੇ ਦਿਨਾਂ ਵਿੱਚ ਲੁਧਿਆਣਾ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣ ਸਕਦਾ ਹੈ। ਅੱਜ ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਕੁੱਲ 147 ਥਾਵਾਂ ’ਤੇ ਕਰੋਨਾ ਵੈਕਸੀਨੇਸ਼ਨ ਕੈਂਪ ਲਾਏ ਗਏ ਸਨ।
ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਹੁਣ ਤੱਕ 21,58,459 ਲੋਕਾਂ ਨੂੰ ਟੀਕੇ ਦੀ ਪਹਿਲੀ ਤੇ 883439 ਲੋਕਾਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। ਕਰੀਬ ਇੱਕ ਹਫ਼ਤੇ ਦੇ ਅੰਤਰ ਤੋਂ ਬਾਅਦ ਐਤਵਾਰ ਨੂੰ ਟੀਕੇ ਦੀ ਇੱਕ ਲੱਖ 8 ਹਜ਼ਾਰ ਡੋਜ਼ ਮਿਲੀ ਸੀ। ਸੋਮਵਾਰ ਨੂੰ 267 ਕੈਂਪਾਂ ’ਚ 56947 ਲੋਕਾਂ ਨੂੰ ਪਹਿਲੀ ਡੋਜ਼ ਅਤੇ ਦੂਜੀ ਡੋਜ਼ ਲਾਈ ਗਈ ਸੀ। ਇਸ ਵਿੱਚ 36235 ਲੋਕਾਂ ਨੂੰ ਪਹਿਲੀ ਅਤੇ 20712 ਲੋਕਾਂ ਨੂੰ ਦੂਸਰੀ ਡੋਜ਼ ਲਾਈ ਗਈ। ਇਸੇ ਤਰ੍ਹਾਂ ਮੰਗਲਵਾਰ ਨੂੰ 24592 ਪਹਿਲੀ ਡੋਜ਼ ਤੇ 17998 ਦੂਜ਼ੀ ਡੋਜ਼ ਦੇ ਟੀਕੇ ਲਾਏ ਗਏ ਹਨ। ਇਸ ਦੌਰਾਨ ਡੀਸੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਲੁਧਿਆਣਾ ਵਿੱਚ ਹੁਣ 30 ਲੱਖ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਜਿੱਥੇ ਖੁਸ਼ੀ ਹੈ, ਉੱਥੇ ਹੀ ਉਹ ਸ਼ਹਿਰ ਵਾਸੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕਰਦੇ ਹੋਏ ਸਿਹਤ ਕਰਮੀਆਂ ਨੂੰ ਵਧਾਈ ਵੀ ਦਿੰਦੇ ਹਨ। ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਤੱਕ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ, ਉਹ ਟੀਕਾ ਜ਼ਰੂਰ ਲਵਾਉਣ।