ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 29 ਅਗਸਤ
ਪਿਛਲੇ ਕੁਝ ਮਹੀਨਿਆਂ ਤੋਂ ਪਸ਼ੂਆਂ ਖਾਸਕਰ ਗਾਵਾਂ ’ਚ ਫੈਲੇ ਚਮੜੀ ਰੋਗ (ਲੰਪੀ) ਨਾਲ ਹਜ਼ਾਰਾ ਦੀ ਪਸ਼ੂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਸਰਕਾਰ ਵੱਲੋਂ ਬਿਮਾਰੀ ਨਾਲ ਮਰੇ ਪਸ਼ੂਆਂ ਨੂੰ ਜ਼ਮੀਨ ’ਚ ਦਬਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਤਰਾਸਦੀ ਇਹ ਹੈ ਕਿ ਜਗਰਾਉਂ ਹਲਕੇ ਦੇ ਕੁਝ ਪਿੰਡਾਂ ’ਚ ਇਨ੍ਹਾਂ ਹਦਾਇਤਾਂ ’ਤੇ ਅਮਲ ਨਹੀਂ ਹੋ ਰਿਹਾ। ਨੇੜਲੇ ਪਿੰਡ ਮੱਲ੍ਹਾ ਦੇੇ ਤਰਕਸ਼ੀਲ ਆਗੂ ਗੁਰਮੀਤ ਸਿੰਘ, ਡਾ. ਜਰਨੈਲ ਸਿੰਘ ਰਸੂਲਪੁਰ, ਲਖਵੀਰ ਸਿੰਘ ਮੱਲ੍ਹਾ, ਪੀਤਾ ਮਾਣੂੰਕੇ, ਰਾਜੂ ਮਾਣੂੰਕੇ ਨੇ ਕਿਹਾ ਕਿ ਪਿੰਡ ਮੱਲ੍ਹਾ ਦੀ ਮਰੇ ਪਸ਼ੂਆਂ ਸੁੱਟਣ ਲਈ ਬਣਾਈ ਹੱਡਾ-ਰੋੜੀ ਪਿੰਡ ਰਸੂਲਪੁਰ ਸੜਕ ’ਤੇ ਬਣੀ ਹੋਈ ਹੈ, ਵੱਧ ਗਾਵਾਂ ਮਰਨ ਨਾਲ ਹੱਡਾ-ਰੋੜੀ ਪੂਰੀ ਤਰ੍ਹਾਂ ਭਰ ਚੁੱਕੀ ਹੈ ਲੋਕਾਂ ਨੇ ਮਰੇ ਹੋਏ ਪਸ਼ੂ ਹੱਡਾਰੋੜੀ ਤੋਂ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ਆਮ ਵਰਤਾਰੇ ’ਚ ਮਰੇ ਪਸ਼ੂਆਂ ਨੂੰ ਕੁੱਤੇ ਵੀ ਖਾ ਲੈਂਦੇ ਸਨ, ਮ੍ਰਿਤਕ ਪਸ਼ੂਆਂ ਦੀ ਗਿਣਤੀ ਵਧਣ ਕਾਰਨ ਹੁਣ ਕੁੱਤੇ ਵੀ ਮਾਸ ਖਾਣੋ ਹੱਟ ਗਏ ਹਨ। ਮੌਜੂਦਾ ਹਾਲਾਤ ਇਹ ਹਨ ਕਿ ਖੁੱਲ੍ਹੇ ਅਸਮਾਨ ਹੇਠ ਪਏ ਪਸ਼ੂਆਂ ਉਪਰ ਕਦੇ-ਕਦੇ ਮੀਂਹ ਪੈ ਜਾਂਦਾ ਹੈ। ਇਸ ਕਾਰਨ ਪਸ਼ੂਆਂ ਦੀ ਬਦਬੂ ਦੋਵਾਂ ਪਿੰਡਾਂ ਰਸੂਲਪੁਰ, ਮੱਲ੍ਹਾ ਦੇ ਲੋਕਾਂ ਨੂੰ ਬਹੁਤ ਤੰਗ ਕਰਦੀ ਹੈ। ਹੁਣ ਤਾਂ ਸਮੱਸਿਆ ਇੰਨੀ ਵੱਧ ਗਈ ਹੈ ਕਿ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਲੰਘਣਾ ਔਖਾ ਹੋ ਗਿਆ ਹੈ। ਇਨ੍ਹਾਂ ਕਾਰਨ ਸਮੁੱਚੇ ਇਲਾਕੇ ’ਚ ਬਿਆਨਕ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਸੰਪਰਕ ਕੀਤਾ ਤਾਂ ਉਹ ਮੀਟਿੰਗ ’ਚ ਹੋਣ ਕਰ ਕੇ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਫਿਰ ਏਡੀਸੀ ਅਮਿਤ ਪੰਚਾਲ (ਰੂਲਰ ਡਿਵੈਲਪਮੈਂਟ) ਨੂੰ ਜਾਣੂ ਕਰਵਾਇਆ ਤਾਂ, ਉਨ੍ਹਾਂ ਡਿਪਟੀ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਨ ਬਾਰੇ ਆਖਣ ਦੀ ਗੱਲ ਕੀਤੀ।