ਪੱਤਰ ਪ੍ਰੇਰਕ
ਮਾਛੀਵਾੜਾ, 11 ਸਤੰਬਰ
ਅਨਾਜ ਮੰਡੀ ਵਿੱਚ ਕੁਝ ਹੀ ਦਿਨਾਂ ’ਚ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ ਹੈ, ਪਰ ਇਸ ਤੋਂ ਪਹਿਲਾਂ ਹੀ ਸ਼ੈਲਰ ਮਾਲਕਾਂ ਨੇ ਇਸ ਸਾਲ ਪਏ ਵੱਡੇ ਆਰਥਿਕ ਘਾਟੇ ਤੇ ਮਾੜੀਆਂ ਨੀਤੀਆਂ ਨੂੰ ਕੋਸਦਿਆਂ ਮੁਕੰਮਲ ਹੜਤਾਲ ਕਰ ਮੰਡੀਆਂ ’ਚੋਂ ਝੋਨਾ ਚੁੱਕਣ ਤੋਂ ਨਾਂਹ ਕਰ ਦਿੱਤੀ ਹੈ। ਮਾਛੀਵਾੜਾ ਦੇ ਸ਼ੈਲਰ ਮਾਲਕਾਂ ਦੀ ਮੀਟਿੰਗ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਅਤੇ ਹੁਸਨ ਲਾਲ ਮੜਕਨ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮੰਡੀਆਂ ’ਚ ਆਉਣ ਵਾਲੇ ਨਵੇਂ ਝੋਨੇ ਦੀ ਪਿੜਾਈ ਸ਼ੈਲਰ ਮਾਲਕ ਨਹੀਂ ਕਰਨਗੇ। ਮੀਟਿੰਗ ਉਪਰੰਤ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਅਤੇ ਹੁਸਨ ਲਾਲ ਮੜਕਨ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸ਼ੈਲਰ ਉਦਯੋਗ ਤਬਾਹ ਹੋ ਰਿਹਾ ਹੈ ਅਤੇ ਵੱਡੇ ਆਰਥਿਕ ਘਾਟੇ ਨੂੰ ਦੇਖਦਿਆਂ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ। ਆਗੂਆਂ ਨੇ ਦੱਸਿਆ ਕਿ ਸ਼ੈਲਰ ਮਾਲਕ ਕਈ ਵਾਰ ਆਖ ਚੁੱਕੇ ਹਨ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਕੋਲ ਮੁੱਦਾ ਚੁੱਕੇ ਕਿ ਗੁਦਾਮਾਂ ਵਿੱਚ ਜਗ੍ਹਾ ਮਿਲੇ ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਆਗੂਆਂ ਨੇ ਕਿਹਾ ਕਿ ਸਰਕਾਰ ਝੋਨਾ ਆਉਣ ਤੋਂ ਪਹਿਲਾਂ ਸ਼ੈਲਰ ਮਾਲਕਾਂ ਦੀਆਂ ਮੰਗਾਂ ਤੁਰੰਤ ਮੰਨੇ। ਇਸ ਮੌਕੇ ਅਸ਼ੋਕ ਸੂਦ, ਗੁਰਨਾਮ ਸਿੰਘ ਨਾਗਰਾ, ਜਤਿੰਦਰ ਕੁੰਦਰਾ, ਵਿੱਕੀ ਕੁੰਦਰਾ, ਭੁਪਿੰਦਰ ਸਿੰਘ ਕਾਹਲੋਂ, ਵਿੱਕੀ ਸ਼ੇਰਪੁਰ, ਅਮਨਦੀਪ ਸਿੰਘ, ਪ੍ਰਵੀਨ ਖੋਸਲਾ, ਨਿਤਿਨ ਲੂਥਰਾ, ਅਜੈ ਗੋਇਲ, ਸੰਤ ਰਾਮ, ਹਰੀਸ਼ ਖੰਨਾ, ਸੰਨੀ ਸੂਦ, ਸੰਤੋਖ ਸਿੰਘ ਬਾਜਵਾ, ਰਵੀਸ਼ ਗੋਇਲ, ਹਨੀ ਆਨੰਦ, ਸੁਖਦੇਵ ਸਿੰਘ ਕਾਹਲੋਂ, ਪੁਨੀਤ ਜੈਨ ਤੇ ਅਜੈ ਬਾਂਸਲ ਵੀ ਮੌਜੂਦ ਸਨ।