ਗੁਰਦੀਪ ਸਿੰਘ ਟੱਕਰ
ਮਾਛੀਵਾੜਾ ਸਾਹਿਬ, 31 ਦਸੰਬਰ
ਅੱਜ ਤੜਕੇ ਇਥੇ ਸਮਰਾਲਾ ਰੋਡ ’ਤੇ ਅਲਾਹਾਬਾਦ (ਇੰਡੀਅਨ ਬੈਂਕ) ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਬੈਂਕ ’ਚ ਪਏ ਕੰਪਿਊਟਰ, ਰਿਕਾਰਡ, ਏਸੀ ਅਤੇ ਇਮਾਰਤ ਨੂੰ ਭਾਰੀ ਨੁਕਸਾਨ ਹੋ ਗਿਆ, ਜਦਕਿ ਸਟ੍ਰਾਂਗ ਰੂਮ ਵਿਚ ਪਈ ਲੱਖਾਂ ਦੀ ਨਕਦੀ ਸੁਰੱਖਿਅਤ ਰਹੀ। ਅੱਜ ਤੜਕੇ 6.30 ਵਜੇ ਅਲਾਹਾਬਾਦ ਬੈਂਕ ’ਚ ਹੂਟਰ ਵੱਜਣਾ ਸ਼ੁਰੂ ਹੋ ਗਿਆ ਅਤੇ ਫਿਰ ਕੁਝ ਹੀ ਮਿੰਟਾਂ ਬਾਅਦ ਬੈਂਕ ਦੇ ਆਸ-ਪਾਸ ਧੂੰਆਂ ਫੈਲ ਗਿਆ। ਬੈਂਕ ਅੰਦਰ ਲੱਗੀ ਅੱਗ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਪੁੱਜੇ, ਜਿਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਕਰਮਚਾਰੀਆਂ ਵਲੋਂ ਬੈਂਕ ਦਾ ਸ਼ਟਰ ਤੇ ਦਰਵਾਜ਼ੇ ਤੋੜ ਕੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਅੱਗ ਬੈਂਕ ਮੈਨੇਜਰ ਦੇ ਕੈਬਿਨ ਤੋਂ ਸ਼ਾਰਟ ਸਰਕਟ ਨਾਲ ਲੱਗੀ ਜੋ ਸਾਰੇ ਕਿਤੇ ਫੈਲ ਗਈ। ਅੱਗ ’ਤੇ ਕਾਬੂ ਪਾਉਣ ਲਈ ਪੁਲਸ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਾਫ਼ੀ ਜੱਦੋ-ਜ਼ਹਿਦ ਕੀਤੀ, ਜਿਨ੍ਹਾਂ ਬੈਂਕ ਦੀ ਪਿਛਲੀ ਕੰਧ ਤੋੜ ਕੇ ਅੰਦਰ ਦਾਖਲ ਹੋ ਕੇ ਅੱਗ ’ਤੇ ਕਾਬੂ ਪਾਇਆ। ਕਰੀਬ 4 ਘੰਟੇ ਦੀ ਮਸ਼ਕਤ ਤੋਂ ਬਾਅਦ ਬੈਂਕ ਦੇ ਅੰਦਰ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਉਸ ਤੋਂ ਬਾਅਦ ਪੁਲਸ ਤੇ ਬੈਂਕ ਮੁਲਾਜ਼ਮਾਂ ਨੇ ਸਟ੍ਰਾਂਗ ਰੂਮ ਦੀ ਜਾਂਚ ਕੀਤੀ ਜਿਸ ਵਿਚ ਲੱਖਾਂ ਰੁਪਏ ਨਕਦੀ ਸੁਰੱਖਿਅਤ ਪਾਈ ਗਈ।