ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਜੁਲਾਈ
ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਛੀਵਾੜਾ ਪੁਲੀਸ ਨੇ ਅੱਜ ਇਲਾਕੇ ਦੇ ਹੋਟਲ, ਢਾਬੇ ਅਤੇ ਬੱਸ ਸਟੈਂਡਾਂ ਦੀ ਜਾਂਚ ਕੀਤੀ। ਇਸ ਦੌਰਾਨ ਸਮਰਾਲਾ ਸੜਕ ’ਤੇ ਹੀ ਸਥਿਤ ਇੱਕ ਢਾਬੇ ’ਤੇ ਬਣੇ ਹੋਟਲ ’ਚੋਂ ਇੱਕ ਪੁਰਸ਼, 3 ਔਰਤਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਗਿਆ ਅਤੇ ਪੁਲੀਸ ਨੇ ਇਸ ਮਾਮਲੇ ਵਿੱਚ ਹੋਟਲ ਮਾਲਕ ਤੇ ਕਮਰੇ ’ਚ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਜੋੜੇ ਸਮੇਤ 3 ਖਿਲਾਫ਼ ਦੇਹ ਵਪਾਰ ਦਾ ਧੰਦਾ ਕਰਨ ਦੇ ਕਥਿਤ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਸਮਰਾਲਾ ਵਰਿਆਮ ਸਿੰਘ ਅਤੇ ਥਾਣਾ ਮੁਖੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਸਮਰਾਲਾ ਰੋਡ ’ਤੇ ਅੱਜ ਜਦੋਂ ਢਾਬੇ ਵਿੱਚ ਜਾਂਚ ਲਈ ਪੁੱਜੇ ਤਾਂ ਕਮਰੇ ’ਚੋਂ ਇੱਕ ਪੁਰਸ਼ ਤੇ ਔਰਤ ਇਤਰਾਜ਼ਯੋਗ ਹਾਲਤ ਵਿੱਚ ਬਾਹਰ ਆਏ ਜਿਨ੍ਹਾਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲੈ ਲਿਆ ਗਿਆ। ਹੋਟਲ ਦੇ ਥੱਲੇ ਬਣੇ ਢਾਬੇ ਵਿੱਚ ਵੀ 2 ਔਰਤਾਂ ਹੋਰ ਮਿਲੀਆਂ ਜਦ ਕਿ ਇੱਕ ਹੋਰ ਔਰਤ ਉੱਥੇ ਕੰਮ ਕਰਦੀ ਹੈ ਉਸ ਨੂੰ ਵੀ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲੈ ਲਿਆ ਗਿਆ, ਜਿਨ੍ਹਾਂ ਖਿਲਾਫ਼ ਅਜੇ ਕੋਈ ਕੇਸ ਦਰਜ ਨਹੀਂ ਹੋਇਆ। ਡੀਐੱਸਪੀ ਵਰਿਆਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਇਸ ਹੋਟਲ ਵਿੱਚ ਗਲਤ ਕੰਮ ਹੋ ਰਹੇ ਹਨ ਪਰ ਅੱਜ ਜਾਂਚ ਦੌਰਾਨ ਇੱਥੇ ਇਤਰਾਜ਼ਯੋਗ ਹਾਲਤ ਵਿੱਚ ਪੁਰਸ਼ ਤੇ ਔਰਤਾਂ ਮਿਲੀਆਂ ਹਨ ਜਿਨ੍ਹਾਂ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਇੱਥੇ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਹੋਟਲ ’ਚੋਂ ਮਿਲੀਆਂ ਔਰਤਾਂ ਤਰਨਤਾਰਨ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਹਨ ਜੋ ਕਿ ਲੋੜਵੰਦ ਪਰਿਵਾਰ ਨਾਲ ਸਬੰਧਿਤ ਦੱਸੀਆਂ ਜਾ ਰਹੀਆਂ ਹਨ। ਦੂਜੇ ਪਾਸੇ ਪੁਲੀਸ ਨੇ ਹੋਟਲ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।