ਪੱਤਰ ਪ੍ਰੇਰਕ
ਮਾਛੀਵਾੜਾ, 14 ਨਵੰਬਰ
ਪੰਜਾਬ ਵਿਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਬਿਗੁਲ ਕਿਸੇ ਸਮੇਂ ਵੀ ਵੱਜ ਸਕਦਾ ਹੈ ਜਿਸ ਸਬੰਧੀ ਪ੍ਰਸ਼ਾਸਨ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਮਾਛੀਵਾੜਾ ਸ਼ਹਿਰ ਵਿੱਚ ਨਵੀਂ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਇਸ ਲਈ ਇਹ ਚੋਣਾਂ ਵੀ ਹੁਣ ਨਵੀਂ ਵਾਰਡਬੰਦੀ ਤਹਿਤ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੀਂ ਵਾਰਡਬੰਦੀ ਤਹਿਤ ਮਾਛੀਵਾੜਾ ਸ਼ਹਿਰ ਦੇ 15 ਵਾਰਡ ਹਨ ਅਤੇ ਹਰੇਕ ਵਾਰਡ ਵਿੱਚ ਕਰੀਬ 1000 ਤੋਂ 1200 ਵੋਟ ਦੱਸੀ ਜਾ ਰਹੀ ਹੈ। ਮਾਛੀਵਾੜਾ ਨਗਰ ਕੌਂਸਲ ਵਲੋਂ ਨਵੀਂ ਵਾਰਡਬੰਦੀ ਤਹਿਤ ਨਕਸ਼ਾ ਤਿਆਰ ਕਰ ਕੇ ਇਸ ਸਬੰਧੀ ਇਤਰਾਜ਼ ਅਤੇ ਹੋਰ ਪ੍ਰਕਿਰਿਆ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਹੈ। ਪ੍ਰਸ਼ਾਸਨ ਵਲੋਂ ਨਵੀਆਂ ਵੋਟਾਂ ਬਣਾਉਣ ਦਾ ਕੰਮ ਵੀ ਸ਼ੁਰੂ ਹੈ ਅਤੇ ਪਹਿਲੀ ਨਵੰਬਰ 2024 ਤੱਕ 18 ਸਾਲ ਉਮਰ ਤੱਕ ਦੇ ਸਾਰੇ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਬਿਨਾਂ 18 ਤੋਂ 25 ਨਵੰਬਰ ਤੱਕ ਵੋਟ ’ਤੇ ਇਤਰਾਜ਼ ਜਾਂ ਸੋਧ ਵੀ ਕਰਵਾਈ ਜਾ ਸਕਦੀ ਹੈ। ਨਗਰ ਕੌਂਸਲ ਵਲੋਂ 20 ਤੇ 21 ਨਵੰਬਰ ਨੂੰ ਸਪੈਸ਼ਲ ਕੈਂਪ ਵੀ ਲਗਾਏ ਜਾ ਰਹੇ ਹਨ ਜਿੱਥੇ ਜਾ ਕੇ ਵੋਟ ਬਣਾਉਣ ਅਤੇ ਇਤਰਾਜ਼ ਪੇਸ਼ ਕੀਤੇ ਜਾ ਸਕਦੇ ਹਨ। ਚੋਣਾਂ ਦੀ ਮਿਤੀ ਦਾ ਐਲਾਨ ਹੋਣ ਤੋਂ ਬਾਅਦ ਮਾਛੀਵਾੜਾ ਵਿਚ ਚੋਣ ਸਰਗਰਮੀਆਂ ਵੀ ਸਿਖ਼ਰ ’ਤੇ ਪੁੱਜ ਜਾਣਗੀਆਂ ਪਰ ਫਿਲਹਾਲ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸੰਭਾਵੀ ਉਮੀਦਵਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਨਵੀਂ ਵਾਰਡਬੰਦੀ ਤਹਿਤ ਚੋਣਾਂ ਹੋਣ ਦੇ ਐਲਾਨ ਨਾਲ ‘ਅਪਾ’ ਦੇ ਆਗੂਆਂ ਵਿੱਚ ਉਤਸ਼ਾਹ ਦਿਖਾਈ ਦੇ ਰਿਹਾ ਹੈ ਕਿਉਂਕਿ ਉਨ੍ਹਾਂ ਪਹਿਲਾਂ ਹੀ ਨਵੀਂ ਵਾਰਡਬੰਦੀ ਤਹਿਤ ਚੋਣਾਂ ਦੀ ਤਿਆਰੀ ਵਿੱਢੀ ਹੋਈ ਸੀ। ਮਾਛੀਵਾੜਾ ਸ਼ਹਿਰ ਵਿਚ ਪਹਿਲੀ ਵਾਰ ਹੋਵੇਗਾ ਕਿ ਇਸ ਵਾਰ ਹਰੇਕ ਵਾਰਡ ’ਚ ਚਾਰਕੋਨਾ ਮੁਕਾਬਲਾ ਦੇਖਣ ਨੂੰ ਮਿਲੇਗਾ।
15 ਵਾਰਡਾਂ ’ਚੋਂ 6 ਜਨਰਲ, 4 ਔਰਤਾਂ ਤੇ 5 ਅਨੁਸੂਚਿਤ ਜਾਤੀ ਲਈ ਰਾਖਵੇਂ
ਮਾਛੀਵਾੜਾ ਸ਼ਹਿਰ ਦੇ ਵਾਰਡਾਂ ਦੇ ਰਾਖਵੇਂਕਰਨ ਦੀ ਸੂਚੀ ਵੀ ਜਾਰੀ ਹੋਈ ਹੈ। ਜਾਣਕਾਰੀ ਅਨੁਸਾਰ ਵਾਰਡ ਨੰ 1, 3 ਅਨੁਸੂਚਿਤ ਜਾਤੀ (ਔਰਤ) ਲਈ, ਵਾਰਡ ਨੰ. 2, 6, 9, 10, 12, 14 ਜਨਰਲ, ਵਾਰਡ ਨੰ. 4 ਤੇ 15 ਅਨੁਸੂਚਿਤ ਜਾਤੀ ਲਈ, ਵਾਰਡ ਨੰ. 5, 7, 11, 13 ਔਰਤਾਂ ਲਈ ਅਤੇ ਵਾਰਡ ਨੰ. 8 ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂ ਰੱਖੇ ਗਏ ਹਨ।