ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਜੁਲਾਈ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਠੇਕੇ ’ਤੇ ਸੇਵਾਵਾਂ ਨਿਭਾਅ ਰਹੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਆਰੰਭੀ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਵਿੱਤੀ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਲਈ ਇਕ ਆਨਾ ਨਹੀਂ ਖਰਚਿਆਂ ਅਤੇ ਪਿੰਡਾਂ ਦਾ ਸਮੁੱਚਾ ਵਿਕਾਸ ਮਗਨਰੇਗਾ ਤਹਿਤ ਹੋਇਆ ਹੈ। ਇਨ੍ਹਾਂ ਮੁਲਾਜ਼ਮਾਂ ਨੇ 1600 ਕਰੋੜ ਰੁਪਏ ਖ਼ਰਚ ਕੇ ਪਿੰਡਾਂ ਦੀ ਆਰਥਿਕ ਤੇ ਭੌਤਿਕ ਦਸ਼ਾ ਸੁਧਾਰੀ ਹੈ, ਜਿਸ ਸਕਦਾ ਅੱਜ ਮੰਤਰੀ ਤੇ ਵਿਧਾਇਕ ਪਿੰਡ ਵਿਚ ਜਾਣ ਜੋਗੇ ਹੋਏ ਹਨ, ਪਰ 16 ਲੱਖ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਮਗਨਰੇਗਾ ਮੁਲਾਜ਼ਮ ਅੱਜ ਖੁਦ ਬੇਰੁਜ਼ਗਾਰ ਹਨ। ਸਰਕਾਰ ਪਿਛਲੇ ਮੁਲਾਜ਼ਮਾਂ ਨਾਲ ਲਾਰਾ ਲਾਊ ਨੀਤੀ ਅਪਣਾ ਰਹੀ ਹੈ ਅਤੇ ਜਦੋਂ ਹੁਣ ਸਮਾਂ ਆਇਆ ਤਾਂ ਸਰਕਾਰ ਨੇ ਠੇਕਾ ਮੁਲਾਜ਼ਮਾਂ ਲਈ ਬਣਾਈ ਪਾਲਿਸੀ ਵਿਚੋਂ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਬਾਹਰ ਰੱਖਣ ਦਾ ਖਰਚਾ ਤਿਆਰ ਕਰਕੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹਰਮਿਸਰਨ ਸਿੰਘ, ਚਰਨ ਸਿੰਘ ਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।