ਰਾਮ ਗੋਪਾਲ ਰਾਏਕੋਟੀ
ਰਾਏਕੋਟ, 21 ਨਵੰਬਰ
18ਵੀਂ ਸਦੀ ਦੇ ਨੇੜੇ-ਤੇੜੇ ਹੋਂਦ ’ਚ ਆਈ ‘ਬੱਸੀਆਂ ਕੋਠੀ’ ਆਪਣੇ ਅੰਦਰ ਕਈ ਇਤਿਹਾਸਕ ਘਟਨਾਵਾਂ ਸਮੋਈ ਬੈਠੀ ਹੈ। ਫੇਰੂ ਸ਼ਾਹ ਤੇ ਮੁਦਕੀ ਦੀ ਜੰਗ ਮੌਕੇ ਇਹ ਕੋਠੀ ਲਾਰਡ ਹਾਰਡਿੰਗ ਦਾ ਹੈੱਡ ਕੁਆਰਟਰ ਹੋਇਆ ਕਰਦੀ ਸੀ। ਫਿਰੋਜ਼ਪੁਰ ਸਥਿਤ ਬ੍ਰਿਟਿਸ਼ ਮਿਲਟਰੀ ਡਿਵੀਜ਼ਨ ਦਾ ਇਹ ਅਸਲਾ ਸਪਲਾਈ ਡਿੱਪੂ ਵੀ ਰਹੀ। ਰਾਏਕੋਟ ਦੇ ਬੁੱਚੜਾਂ ਨੂੰ ਸੋਧਨ ਵਾਲੇ ਕੂਕਿਆਂ ਨੂੰ ਫਾਂਸੀ ਦੀ ਸਜ਼ਾ ਇਸੇ ਕੋਠੀ ’ਚ ਸੈਸ਼ਨ ਕੋਰਟ ਲਗਾ ਕੇ ਦਿੱਤੀ ਗਈ ਸੀ। ਜਦੋਂ ਅੰਗਰੇਜਾਂ ਨੇ 11 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਕੱਢਿਆ ਤਾਂ ਦੇਸ਼-ਬਦਰ ਹੋ ਕੇ ਜਾ ਰਹੇ ਪੰਜਾਬ ਦੇ ਆਖਰੀ ਮਹਾਰਾਜਾ ਨੇ 31 ਦਸੰਬਰ 1849 ਨੂੰ ਪੰਜਾਬ ’ਚ ਆਖ਼ਰੀ ਰਾਤ ਇਸੇ ਕੋਠੀ ’ਚ ਗੁਜਾਰੀ ਸੀ। ਰਾਜ ਵਿੱਚ ਇੱਕ ਦਹਾਕੇ ਤੋਂ ਵੱਧ ਚੱਲੀ ਅਸ਼ਾਂਤੀ ਦੌਰਾਨ ਪੰਜਾਬ ਪੁਲੀਸ ਨੇ ਇਸ ਇਮਾਰਤ ਨੂੰ ਰੱਜ ਕੇ ‘ਤਸੀਹੇ ਕੇਂਦਰ’ ਵਜੋਂ ਵਰਤਿਆ। ਇਸੇ ਲਈ ਇਸ ਨੂੰ ‘ਸਰਾਪੀ ਕੋਠੀ’ ਵੀ ਕਿਹਾ ਜਾਂਦਾ ਰਿਹਾ। ਬਾਅਦ ਵਿੱਚ ਨਹਿਰੀ ਰੈਸਟ ਹਾਊਸ ਬਣਨ ਨਾਲ ਇਹ ਨਹਿਰੀ ਵਿਭਾਗ ਦੀ ਮਲਕੀਅਤ ਹੋ ਗਈ। ਅੱਜ ਸਿੱਖਾਂ ਦੇ ਆਖ਼ਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ‘ਬੱਸੀਆਂ ਕੋਠੀ’ ਪੰਜਾਬ ਸਰਕਾਰ ਦਾ ਧਿਆਨ ਮੰਗਦੀ ਹੈ ਕਿਉਂਕਿ ਉਹ ਮੁੜ ਖੰਡਰ ਹੋ ਰਹੀ ਹੈ।
ਇਲਾਕਾ ਨਿਵਾਸੀਆਂ ਦੀ ਮੰਗ ’ਤੇ ਬੱਸੀਆਂ ਕੋਠੀ ਨੂੰ ਸਾਲ 2015 ਵਿੱਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਵਿੱਚ ਤਬਦੀਲ ਕੀਤਾ ਗਿਆ ਸੀ। ਇਸ ਇਮਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ, ਇੱਕ ਵੱਡੀ ਤਲਵਾਰ, ਇੱਕ ਸ਼ਾਹੀ ਕੁਰਸੀ, ਇੱਕ ਪਹਿਰਾਵਾ ਅਤੇ ਉਸਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਦੀਆਂ ਕਲਾਕ੍ਰਿਤੀਆਂ ਰੱਖੀਆਂ ਗਈਆਂ ਹਨ।
ਅਣਗਹਿਲੀ ਕਾਰਨ ਇਹ ਯਾਦਗਾਰ ਹੁਣ ਮੁੜ ਖੰਡਰ ਬਣਦੀ ਜਾ ਰਹੀ ਹੈ। ਲੱਕੜੀ ਦੀ ਕਾਰੀਗਰੀ ਖ਼ਰਾਬ ਹੋ ਗਈ ਹੈ ਤੇ ਸਿਉਂਕ ਲੱਕੜ ਨੂੰ ਖਾ ਗਈ ਹੈ। ਤਿੰਨੋਂ ਹਾਲਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਕਈ ਥਾਵਾਂ ’ਤੇ ਪੇਂਟ ਅਤੇ ਪਲਾਸਟਰ ਉਖੜ ਰਿਹਾ ਹੈ। ਕੁਝ ਫੋਕਸ ਲਾਈਟਾਂ ਕੰਮ ਨਹੀਂ ਕਰ ਰਹੀਆਂ। ਤਸਵੀਰਾਂ ਫਿੱਕੀਆਂ ਪੈ ਗਈਆਂ ਹਨ ਤੇ ਹਰਿਆਵਲ ਜੰਗਲੀ ਹੋ ਰਹੀ ਹੈ। ਇੱਕ ਕਰਮਚਾਰੀ ਨੇ ਦੱਸਿਆ ਕਿ ਕਿਸੇ ਵੀ ਉੱਚ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅਤੇ ਸਰਕਾਰ ਵੱਲੋਂ ਫੰਡਾਂ ਅਤੇ ਧਿਆਨ ਦੀ ਘਾਟ ਕਾਰਨ ਇਤਿਹਾਸਕ ਸਥਾਨ ਆਪਣੀ ਚਮਕ ਗੁਆ ਰਿਹਾ ਹੈ। ਜੇ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਰਾਏਕੋਟ ਇਲਾਕੇ ਨੂੰ ਮਿਲੀ ਸ਼ਾਨਦਾਰ ਯਾਦਗਾਰ ਇਕ ਵਾਰ ਫੇਰ ਖੰਡਰ ’ਚ ਬਣ ਜਾਵੇਗੀ।