ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਦਸੰਬਰ
ਹਲਕਾ ਸਾਹਨੇਵਾਲ ਦੇ ਪਿੰਡ ਕੂੰਮਕਲਾਂ ਦਾ ਕਿਸਾਨ ਮਹਿੰਦਰ ਸਿੰਘ ਸਰਕਾਰ ਵੱਲੋਂ ਐਲਾਨੀ ਕਰਜ਼ਾ ਮੁਆਫ਼ੀ ਦਾ ਲਾਭ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਉਸ ਦਾ ਕਰਜ਼ਾ ਮੁਆਫ਼ ਨਹੀਂ ਹੋ ਰਿਹਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕੂੰਮਕਲਾਂ ਦੀ ਬਹੁਮੰਤਵੀ ਖੇਤੀਬਾੜੀ ਸਭਾ ਤੋਂ ਕਰਜ਼ਾ ਲਿਆ ਸੀ ਅਤੇ ਸਰਕਾਰ ਵੱਲੋਂ ਜਦੋਂ 2.50 ਏਕੜ ਜ਼ਮੀਨ ਤੱਕ ਵਾਲੇ ਛੋਟੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਐਲਾਨ ਕੀਤਾ ਗਿਆ ਤਾਂ ਉਸ ਦਾ ਨਾਮ ਵੀ ਯੋਜਨਾ ਤਹਿਤ ਸੂਚੀ ਵਿਚ ਸ਼ਾਮਲ ਸੀ। ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ 1.50 ਏਕੜ ਜ਼ਮੀਨ ਹੈ ਪਰ ਜਦੋਂ ਉਸ ਵਲੋਂ ਖੇਤੀਬਾੜੀ ਸਭਾ ਤੋਂ ਕਰਜ਼ਾ ਲਿਆ ਸੀ ਤਾਂ ਉਸ ਸਮੇਂ 5 ਏਕੜ ਜ਼ਮੀਨ ਕਾਗਜ਼ਾਂ ਵਿਚ ਲਿਖ ਦਿੱਤੀ ਗਈ। ਉਸ ਨੇ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਰਿਪੋਰਟ ਦਿੱਤੀ ਕਿ ਮਹਿੰਦਰ ਸਿੰਘ ਕੋਲ ਰਿਕਾਰਡ ਅਨੁਸਾਰ ਸਿਰਫ਼ 1.50 ਏਕੜ ਜ਼ਮੀਨ ਹੈ ਪਰ ਇਸ ਦੇ ਬਾਵਜੂਦ ਉਸ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਕਿਸਾਨ ਅਨੁਸਾਰ ਉਹ ਇਸ ਯੋਜਨਾ ਦਾ ਲਾਭ ਲੈਣ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖਤੀ ਰੂਪ ਵਿਚ ਬੇਨਤੀ ਕਰ ਚੁੱਕਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਉਹ ਸਰਕਾਰ ਦੀ ਇਸ ਕਰਜ਼ਾ ਮੁਆਫ਼ੀ ਯੋਜਨਾ ਅਧੀਨ ਆਉਂਦਾ ਹੈ ਜਿਸ ਦੀ ਮੁਆਫ਼ੀ ਲਈ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ।
ਸਰਕਾਰੀ ਦੀਆਂ ਹਦਾਇਤਾਂ ’ਤੇ ਕਰਜ਼ਾ ਮੁਆਫ਼ ਹੋਵੇਗਾ: ਸਕੱਤਰ
ਸਕੱਤਰ ਛਿੰਦਰਪਾਲ ਨੇ ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਮਹਿੰਦਰ ਸਿੰਘ ਨੇ ਕਰਜ਼ਾ ਲਿਆ ਸੀ ਤਾਂ ਉਸ ਸਮੇਂ ਸਭਾ ਦੇ ਰਿਕਾਰਡ ’ਚ 5 ਏਕੜ ਜ਼ਮੀਨ ਸੀ ਪਰ ਹੁਣ ਘੱਟ ਹੈ। ਇਸ ਲਈ ਜੇਕਰ ਸਰਕਾਰ ਦੀਆਂ ਹਦਾਇਤਾਂ ਆਉਣਗੀਆਂ ਤਾਂ ਉਨ੍ਹਾਂ ਦਾ ਕਰਜ਼ਾ ਮੁਆਫ਼ ਹੋਵੇਗਾ।