ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੁਲਾਈ
ਥਾਣਾ ਸਰਾਭਾ ਨਗਰ ਦੇ ਇਲਾਕੇ ਸੁਖਮਣੀ ਇਨਕਲੇਵ ਦੇ ਇੱਕ ਘਰ ਵਿੱਚ ਕੰਮ ਕਰਨ ਵਾਲੀ ਔਰਤ ਸੋਨੇ ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਗਦੀ ਕਥਿਤ ਚੋਰੀ ਕਰ ਕੇ ਲੈ ਗਈ। ਇਸ ਸਬੰਧੀ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਸਾਇਨ ਪਤਨੀ ਮੁਹੰਮਦ ਅਰਕਮ ਵਾਸੀ ਮੁਰਾਦਾਬਾਦ ਉਸ ਦੇ ਘਰ ਵਿੱਚ ਪਿਛਲੇ 15 ਦਿਨਾਂ ਤੋਂ ਬਤੌਰ ਨੌਕਰਾਣੀ ਕੰਮ ਕਰਦੀ ਸੀ। ਉਹ ਕੁੱਝ ਦਿਨਾਂ ਲਈ ਘਰੋਂ ਬਾਹਰ ਸੀ ਅਤੇ ਜਦੋਂ ਘਰ ਵਾਪਸ ਆਇਆ ਤਾਂ ਅਲਮਾਰੀ ਦੀ ਚਾਬੀ ਗਾਇਬ ਸੀ। ਉਸ ਨੇ ਚਾਬੀਆਂ ਵਾਲਾ ਬੁਲਾ ਕੇ ਅਲਮਾਰੀ ਖੁੱਲ੍ਹਵਾ ਕੇ ਦੇਖੀ ਤਾਂ ਅਲਮਾਰੀ ਵਿੱਚੋਂ ਸੋਨੇ/ਚਾਂਦੀ ਦੇ ਗਹਿਣੇ ਤੇ ਤਿੰਨ ਲੱਖ ਰੁਪਏ ਦੀ ਨਗਦੀ ਗਾਇਬ ਸੀ। ਉਸ ਨੂੰ ਯਕੀਨ ਹੈ ਕਿ ਇਹ ਚੋਰੀ ਨੌਕਰਾਣੀ ਨੇ ਹੀ ਕੀਤੀ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।