ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 12 ਅਗਸਤ
ਆਜ਼ਾਦੀ ਕਾ ਮਹਾਉਤਸਵ ਦੌਰਾਨ ਹਰ ਘਰ ਤਿਰੰਗਾ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮੀਟਿੰਗਾਂ, ਰੈਲੀਆਂ ਤੇ ਮਾਰਚਾਂ ਦੌਰਾਨ ਤਿਰੰਗੇ ਝੰਡਾ ਚੜ੍ਹਾਉਣ ਤੋਂ ਪਹਿਲਾਂ ਤੇ ਬਾਅਦ ਵਿੱਚ ਆਮ ਲੋਕਾਂ ਵੱਲੋਂ ਸਤਿਕਾਰ ਬਰਕਰਾਰ ਰਖਵਾਉਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਭਾਵੇਂ ਸਿਆਸੀ ਅਤੇ ਗੈਰ ਸਿਆਸੀ ਇਕੱਠਾਂ ਦੇ ਪ੍ਰਬੰਧਕਾਂ ਨੇ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਮੈਂਬਰਾਂ ਨੂੰ ਅਣਜਾਨੇ ਵਿੱਚ ਹੋਣ ਵਾਲੀਆਂ ਗਲਤੀਆਂ ਤੋਂ ਸੁਚੇਤ ਕੀਤਾ ਹੋਇਆ ਹੈ ਪਰ ਬੀਤੇ ਦਿਨੀਂ ਕੌਮੀ ਸਿਆਸੀ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਵੱਲੋਂ ਕਰਵਾਈਆਂ ਗਤੀਵਿਧੀਆਂ ਦੌਰਾਨ ਤਿਰੰਗੇ ਝੰਡੇ ਦਾ ਵੱਡੀ ਗਿਣਤੀ ਵਿੱਚ ਸਤਿਕਾਰ ਨਜਅੰਦਾਜ਼ ਹੋਇਆ ਹੈ। ਇਸ ਲਈ ਸੋਮਵਾਰ ਤੋਂ ਬਾਅਦ ਝੰਡੇ ਉਤਾਰੇ ਜਾਣ ਤੋਂ ਬਾਅਦ ਕੁਤਾਹੀਆਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਸਬੰਧ ਵਿੱਚ ਗੱਲ ਕਰਨ ’ਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਹੀ ਲੋਕਾਂ ਨੂੰ ਤਿਰੰਗੇ ਝੰਡੇ ਨੂੰ ਸੰਭਾਲਣ ਦੇ ਸਬੰਧ ਵਿੱਚ ਜਾਗਰੂਕ ਕਰਨਾ ਸ਼ੁਰੂ ਕੀਤਾ ਹੋਇਆ ਹੈ। ਨਗਰ ਕੌਂਸਲ ਅਹਿਮਦਗੜ੍ਹ ਦੇ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਾਜ਼ਮਾਂ ਦੀਆਂ ਵਿਸ਼ੇਸ ਟੀਮਾਂ ਬਣਾ ਕੇ ਝੰਡੇ ਨੂੰ ਚੜ੍ਹਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੰਭਾਲਣ ਵਾਰੇ ਜਾਗਰੂਕ ਕਰਨ ਲਈ ਤਾਇਨਾਤ ਕੀਤਾ ਹੋਇਆ ਹੈ। ਕੇਂਦਰ ਸਰਕਾਰ ਦੀ ਮਦਦ ਨਾਲ ਉਸਾਰੇ ਗਏ ਮਕਾਨਾਂ ਦੇ ਮਾਲਕਾਂ ਨੂੰ ਆਪਣੇ ਖਰਚ ’ਤੇ ਝੰਡੇ ਉਪਲਬਧ ਕਰਵਾਉਣ ਦਾ ਦਾਅਵਾ ਕਰਦੇ ਹੋਏ ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀ ਸੂਚਨਾ ਆਮ ਲੋਕਾਂ ਨੂੰ ਦਿੱਤੀ ਹੈ ਕਿ ਜੋ ਪਰਿਵਾਰ ਝੰਡੇ ਨੂੰ ਬਾਅਦ ਵਿੱਚ ਸੰਭਾਲ ਕੇ ਰੱਖਣਾ ਨਹੀਂ ਚਾਹੁੰਦੇ ਉਹ ਨਗਰ ਕੌਂਸਲ ਦੀਆਂ ਟੀਮਾਂ, ਜਦੋਂ ਉਨ੍ਹਾਂ ਦੇ ਘਰ ਆਉਣ ਤਾਂ ਉਨ੍ਹਾਂ ਨੂੰ ਸੰਭਾਲ ਦੇਣ। ਇੱਕ ਤਿਰੰਗਾ ਮਾਰਚ ਦੇ ਪ੍ਰਬੰਧਕ ਦੀਪਕ ਸ਼ਰਮਾ ਸਾਬਕਾ ਕੌਂਸਲਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਾਰਚ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਰਕਰਾਂ ਤੇ ਆਗੂਆਂ ਨੂੰ ਝੰਡੇ ਦੇ ਸਤਿਕਾਰ ਪ੍ਰਤੀ ਅਗਾਊਂ ਜਾਗਰੂਕ ਕਰ ਦਿੱਤਾ ਸੀ।
ਭਾਜਪਾ ਵੱਲੋਂ ਤਿਰੰਗਾ ਯਾਤਰਾ ਅੱਜ
ਲੁਧਿਆਣਾ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਇਕਾਈ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਲੁਧਿਆਣਾ ਵਿੱਚ ਭਲਕੇ 13 ਅਗਸਤ ਨੂੰ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾਵੇਗੀ, ਜਿਸ ਵਿੱਚ ਭਾਰਤ ਦੇ ਸਿਹਤ ਮੰਤਰੀ ਮਨਸੁਖ ਮੰਡਾਵੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਯਾਤਰਾ ਦੀਆਂ ਤਿਆਰੀਆਂ ਦਾ ਲੇਖਾ ਜੋਖਾ ਕੀਤਾ ਗਿਆ। ਮੀਟਿੰਗ ਉਪਰੰਤ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 13 ਅਗਸਤ ਨੂੰ ਰੱਖਬਾਗ ਤੋਂ ਤਿਰੰਗਾ ਯਾਤਰਾ ਕੱਢੀ ਜਾਵੇਗੀ, ਜੋ ਜਗਰਾਉਂ ਪੁੱਲ, ਰੇਖੀ ਸਿਨੇਮਾ, ਖਵਾਜਾ ਕੋਠੀ, ਡਵੀਜ਼ਨ ਨੰਬਰ 3, ਚੌੜਾ ਬਾਜ਼ਾਰ, ਗਿਰਜਾ ਘਰ ਚੌਂਕ ਤੋਂ ਹੁੰਦੀ ਹੋਈ ਘੰਟਾ ਘਰ ਚੌਂਕ ਭਾਜਪਾ ਜਿਲ੍ਹਾ ਦਫ਼ਤਰ ਕੋਲ ਸਮਾਪਤ ਹੋਵੇਗੀ। -ਨਿੱਜੀ ਪੱਤਰ ਪ੍ਰੇਰਕ