ਸੰਤੋਖ ਗਿੱਲ
ਗੁਰੂਸਰ ਸੁਧਾਰ, 18 ਅਗਸਤ
ਪਿੰਡ ਘੁਮਾਣ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਖੜ੍ਹਾ ਹੋਇਆ ਰੱਫੜ ਹਾਲੇ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਦੋ ਦਿਨ ਤੋਂ ਸਥਿਤੀ ਤਣਾਅਪੂਰਵਕ ਬਣੀ ਹੋਈ ਹੈ। ਪਿੰਡ ਘੁਮਾਣ ਵਾਸੀਆਂ ਨੇ ਸਰਪੰਚ ਅਮਰਜੀਤ ਕੌਰ, ਕੈਪਟਨ ਹਾਕਮ ਸਿੰਘ, ਪੰਚ ਜਸਵਿੰਦਰ ਸਿੰਘ ਅਤੇ ਗੁਰਮੁਖ ਸਿੰਘ ਸਮੇਤ ਹੋਰਾਂ ਦੀ ਅਗਵਾਈ ਵਿਚ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਧਾਰ ਦੇ ਦਫ਼ਤਰ ’ਚ ਕਰੀਬ ਤਿੰਨ ਘੰਟੇ ਨਾਅਰੇਬਾਜ਼ੀ ਕੀਤੀ। ਬੀਡੀਪੀਓ ਹੀਰਾ ਸਿੰਘ ਦੀ ਗੈਰ-ਮੌਜੂਦਗੀ ਵਿਚ ਪਿੰਡ ਵਾਸੀਆਂ ਨੇ ਆਪਣਾ ਮੰਗ ਪੱਤਰ ਸੁਪਰਡੈਂਟ ਅਵਤਾਰ ਸਿੰਘ ਨੂੰ ਸੌਂਪ ਦਿੱਤਾ ਅਤੇ ਵੱਡੀ ਗਿਣਤੀ ਵਿਚ ਮੁੜ ਵਿਵਾਦਿਤ ਗਲੀ ਵਿਚ ਪਹੁੰਚ ਗਏ।
ਇਸੇ ਦੌਰਾਨ ਪ੍ਰਦਰਸ਼ਨਕਾਰੀ ਆਗੂਆਂ ਨੇ ਦਾਅਵਾ ਕੀਤਾ ਕਿ ਵਾਰਡ ਨੰਬਰ-4 ਦੀ ਪੰਚ ਹਰਬੰਸ ਕੌਰ ਨੇ ਹੁਣ ਪਿੰਡ ਸੁਧਾਰ ਵਿਚ ਘਰ ਬਣਾ ਲਿਆ ਹੈ ਅਤੇ ਉਸ ਦੀ ਵੋਟ ਅਤੇ ਪੰਚੀ ਦੇ ਅਹੁਦੇ ਨੂੰ ਖ਼ਤਮ ਕਰਨ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਪੰਚ ਹਰਬੰਸ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ। ਜਾਣਕਾਰੀ ਅਨੁਸਾਰ ਪਿੰਡ ਸੁਧਾਰ ਦੀ ਜੂਹ ਵਿਚ ਬਣੇ ਮਕਾਨਾਂ ਦੀਆਂ ਗਲੀਆਂ ’ਚ ਸੀਵਰੇਜ ਪਾਈਪਾਂ ਤਾਂ ਪਾ ਦਿੱਤੀਆਂ ਹਨ ਪਰ ਤਿੱਖੇ ਵਿਰੋਧ ਕਾਰਨ ਹਾਲੇ ਤੱਕ ਪਿੰਡ ਘੁਮਾਣ ਦੀ ਸੀਵਰੇਜ ਲਾਈਨ ਨਾਲ ਕੁਨੈਕਸ਼ਨ ਜੋੜਿਆ ਨਹੀਂ ਜਾ ਸਕਿਆ। ਬਲਾਕ ਵਿਕਾਸ ਅਫ਼ਸਰ ਹੀਰਾ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਸ ਵਿਵਾਦ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਮੌਕੇ ਦਾ ਮੁਆਇਨਾ ਕਰਨ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।