ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਜੁਲਾਈ
ਪਿੰਡ ਲੱਖੋਵਾਲ ਕਲਾਂ ਦੀ ਅਨਾਜ ਮੰਡੀ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਮੱਕੀ ਦਾ ਡਰਾਇਰ ਨਵਾਂ ਟੈਂਡਰ ਨਾ ਹੋਣ ਕਾਰਨ ਬੰਦ ਪਿਆ ਹੈ ਜਿਸ ਕਾਰਨ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਸੁਖਵਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ, ਨਾਹਰ ਸਿੰਘ, ਅਮਰੀਕ ਸਿੰਘ ਵੱਲੋਂ ਇੱਕ ਮੰਗ ਪੱਤਰ ਪੰਜਾਬ ਮੰਡੀ ਬੋਰਡ ਨੂੰ ਭੇਜਿਆ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਲਗਾਇਆ ਡਰਾਇਰ ਦਾ ਟੈਂਡਰ ਖਤਮ ਹੋਣ ਕਾਰਨ ਬੰਦ ਹੋ ਗਿਆ ਹੈ, ਇਸ ਲਈ ਹੁਣ ਵਿਭਾਗ ਆਪਣੇ ਤੌਰ ’ਤੇ ਹੀ ਇਸ ਨੂੰ ਚਲਾਵੇ ਤਾਂ ਜੋ ਕਿਸਾਨਾਂ ਦੀ ਲੁੱਟ ਨਾ ਹੋ ਸਕੇ ਅਤੇ ਉਨ੍ਹਾਂ ਨੂੰ ਮੱਕੀ ਦੀ ਫ਼ਸਲ ਸੁਕਾਉਣ ਵਿੱਚ ਆ ਰਹੀ ਪ੍ਰੇਸ਼ਾਨੀ ਦੂਰ ਹੋ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਪਿਛਲੇ ਕਈ ਸਾਲਾਂ ਤੋਂ ਇੱਕ ਵਪਾਰੀ ਨੂੰ 5 ਸਾਲਾਂ ਲਈ ਡਰਾਇਰ ਠੇਕੇ ’ਤੇ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਠੇਕੇਦਾਰ ਮਸ਼ੀਨਰੀ ਦੀ ਵਰਤੋਂ ਕਰਦਾ ਰਿਹਾ ਅਤੇ ਮੌਜੂਦਾ ਵਿਧਾਇਕ ਤੇ ਇਲਾਕੇ ਦੇ ਕਿਸਾਨਾਂ ਨੇ ਮੌਕੇ ’ਤੇ ਜਾ ਕੇ ਇਸ ਨੂੰ ਬੰਦ ਕਰਵਾਇਆ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਇਹ ਡਰਾਇਰ ਕਿਸਦੀ ਮਿਲੀਭੁਗਤ ਨਾਲ ਚੱਲਦਾ ਰਿਹਾ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਾ ਰਿਹਾ, ਇਸਦੀ ਜਾਂਚ ਹੋਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜਾਂ ਤਾਂ ਆਪਣੇ ਤੌਰ ’ਤੇ ਇਸ ਨੂੰ ਚਲਾਵੇ ਜਾਂ ਫਿਰ ਖੁੱਲ੍ਹੀ ਬੋਲੀ ਰਾਹੀਂ ਇਸ ਨੂੰ ਇੱਕ ਯੋਗ ਠੇਕੇਦਾਰ ਨੂੰ ਦਿੱਤਾ ਜਾਵੇ ਜੋ ਕਿਸਾਨਾਂ ਨੂੰ ਬਣਦੀਆਂ ਸਹੂਲਤਾਂ ਵਾਜਬ ਰੇਟ ’ਤੇ ਦੇਵੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਗੁਰਨਾਮ ਸਿੰਘ ਨਾਗਰਾਤੇ ਅਰਵਿੰਦਰਪਾਲ ਸਿੰਘ ਵਿੱਕੀ ਨੇ ਵੀ ਮੰਡੀ ਬੋਰਡ ਤੋਂ ਮੰਗ ਕੀਤੀ ਕਿ ਕਿਸਾਨ ਮੱਕੀ ਦੀ ਫ਼ਸਲ ਲੈ ਕੇ ਆ ਰਹੇ ਹਨ ਪਰ ਡਰਾਇਰ ਬੰਦ ਹੋਣ ਕਾਰਨ ਇਹ ਸੁੱਕ ਨਹੀਂ ਰਹੀ। ਆੜ੍ਹਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਮੱਕੀ ਦਾ ਡਰਾਇਰ ਜਲਦ ਚਾਲੂ ਕੀਤਾ ਜਾਵੇ।